ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦਾ ਗਠਜੋੜ ਤਿ੍ਪੁਰਾ ਤੇ ਨਾਗਾਲੈਂਡ ਵਿਚ ਮੁੜ ਸੱਤਾ ਵਿਚ ਆ ਗਿਆ ਜਦਕਿ ਮੇਘਾਲਿਆ ‘ਚ ਮੁੱਖ ਮੰਤਰੀ ਕੌਨਰਾਡ ਸੰਗਮਾ ਦੀ ਐੱਨ ਪੀ ਪੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ | ਉਹ 60 ਵਿੱਚੋਂ 25 ਸੀਟਾਂ ਜਿੱਤਣ ਵਾਲੀ ਸੀ | ਮੇਘਾਲਿਆ ਵਿਚ ਕਿਸੇ ਨੂੰ ਬਹੁਮਤ ਮਿਲਦਾ ਨਾ ਦਿਸਣ ਦਰਮਿਆਨ ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਮੁੱਖ ਮੰਤਰੀ ਸੰਗਮਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਫੋਨ ਕਰਕੇ ਸਰਕਾਰ ਬਣਾਉਣ ਲਈ ਮਦਦ ਮੰਗੀ ਹੈ |
ਤਿ੍ਪੁਰਾ ਵਿਚ ਖੱਬੀਆਂ ਪਾਰਟੀਆਂ ਤੇ ਕਾਂਗਰਸ ਦੇ ਗੱਠਜੋੜ ਅਤੇ ਨਵੀਂ ਉਭਰੀ ਟਿਪਰਾ ਮੋਠਾ ਪਾਰਟੀ ਵੱਲੋਂ ਟੱਕਰ ਦੇਣ ਦੇ ਬਾਵਜੂਦ ਭਾਜਪਾ ਸੱਤਾ ਬਚਾਅ ਗਈ | ਉਸਨੇ ਆਈ ਪੀ ਐੱਫ ਟੀ ਨਾਲ ਮਿਲਕੇ 60 ਵਿੱਚੋਂ 31 ਸੀਟਾਂ ਜਿੱਤ ਲਈਆਂ ਸਨ ਤੇ ਦੋ ਸੀਟਾਂ ‘ਤੇ ਅਗੇ ਸੀ | ਸੀ ਪੀ ਆਈ (ਐੱਮ) ਨੇ 9 ਸੀਟਾਂ ਜਿੱਤ ਲਈਆਂ ਸਨ ਤੇ ਦੋ ‘ਤੇ ਅੱਗੇ ਸੀ | ਸਹਿਯੋਗੀ ਕਾਂਗਰਸ ਤਿੰਨ ਸੀਟਾਂ ਹੀ ਜਿੱਤ ਸਕੀ | ਟਿਪਰਾ ਮੋਠਾ ਨੇ 13 ਸੀਟਾਂ ਜਿੱਤੀਆਂ ਪਰ ਉਹ ਕਿੰਗਮੇਕਰ ਨਹੀਂ ਬਣ ਸਕੀ, ਕਿਉਂਕਿ ਭਾਜਪਾ ਦਾ ਗੱਠਜੋੜ ਸਪੱਸ਼ਟ ਬਹੁਮਤ ਹਾਸਲ ਕਰ ਗਿਆ |
ਮੇਘਾਲਿਆ ਵਿਚ ਭਾਜਪਾ ਨੇ ਸੰਗਮਾ ਦੀ ਨੈਸ਼ਨਲ ਪੀਪਲਜ਼ ਪਾਰਟੀ ਨਾਲ ਤੋੜ-ਵਿਛੋੜਾ ਕਰਕੇ ਚੋਣਾਂ ਲੜੀਆਂ ਸਨ ਪਰ ਉਹ ਤਿੰਨ ਸੀਟਾਂ ਹੀ ਜਿੱਤ ਸਕੀ | ਨਾਗਾਲੈਂਡ ਵਿਚ ਐੱਨ ਡੀ ਪੀ ਪੀ ਤੇ ਭਾਜਪਾ ਦਾ ਗੱਠਜੋੜ 60 ਵਿੱਚੋਂ 35 ਸੀਟਾਂ ਲੈ ਗਿਆ ਤੇ ਦੋ ਵਿਚ ਅੱਗੇ ਸੀ | ਇੱਥੇ ਭਾਜਪਾ ਨੇ 20 ਸੀਟਾਂ ਲੜੀਆਂ ਅਤੇ 11 ਜਿੱਤ ਲਈਆਂ ਸਨ ਜਦਕਿ ਇਕ ਵਿਚ ਅੱਗੇ ਸੀ |


