ਚੰਡੀਗੜ੍ਹ : ਹਰਿਆਣਾ ਵਿਚ ਸ਼ੁੱਕਰਵਾਰ ਤਿੰਨ ਵੱਡੇ ਹਾਦਸਿਆਂ ‘ਚ 17 ਲੋਕਾਂ ਦੀ ਮੌਤ ਹੋ ਗਈ ਤੇ 20 ਜ਼ਖਮੀ ਹੋ ਗਏ | ਅੰਬਾਲਾ ਜ਼ਿਲ੍ਹੇ ‘ਚ ਟਰਾਲੇ ਅਤੇ ਬੱਸ ਦੀ ਟੱਕਰ ‘ਚ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 4 ਜ਼ਖਮੀ ਹੋ ਗਏ | ਇਹ ਹਾਦਸਾ ਪੰਚਕੂਲਾ-ਯਮੁਨਾਨਗਰ ਨੈਸ਼ਨਲ ਹਾਈਵੇਅ ‘ਤੇ ਕੱਕੜ ਮਾਜਰਾ ਪਿੰਡ ਨੇੜੇ ਹੋਇਆ | ਯੂ ਪੀ ਦੇ ਬਰੇਲੀ ਤੋਂ ਹਿਮਾਚਲ ਦੇ ਬੱਦੀ ਜਾ ਰਹੀ ਬੱਸ ਵਿੱਚੋਂ ਤਿੰਨ ਸਵਾਰੀਆਂ ਹੇਠਾਂ ਉੱਤਰ ਰਹੀਆਂ ਸਨ, ਜਦੋਂ ਟਰਾਲੇ ਨੇ ਬੱਸ ਨੂੰ ਟੱਕਰ ਮਾਰ ਦਿੱਤੀ | ਬੱਸ ‘ਚ ਜ਼ਿਆਦਾਤਰ ਸਵਾਰੀਆਂ ਉਸਾਰੀ ਦਾ ਕੰਮ ਕਰਦੇ ਪਰਵਾਸੀ ਮਜ਼ਦੂਰ ਸਨ | ਟਰਾਲੇ ਦੇ ਡਰਾਈਵਰ ਨੂੰ ਗਿ੍ਫਤਾਰ ਕਰ ਲਿਆ ਗਿਆ |
ਫਰੀਦਾਬਾਦ-ਗੁਰੂਗ੍ਰਾਮ ਸੜਕ ਉਪਰ ਮਾਂਗਰ ਪੁਲਸ ਚੌਂਕੀ ਕੋਲ ਆਲਟੋ ਕਾਰ ਤੇ ਟਰਾਲੇ ਵਿਚਕਾਰ ਟੱਕਰ ਕਾਰਨ 6 ਨੌਜਵਾਨਾਂ ਦੀ ਮੌਤ ਹੋ ਗਈ | ਪਲਵਲ ਕੈਂਪ ਦੇ ਨੌਜਵਾਨ ਆਪਣੇ ਦੋਸਤ ਦੇ ਵਿਆਹ ਤੋਂ ਪਰਤ ਰਹੇ ਸਨ | ਦੁਰਘਟਨਾ ਰਾਤ 12 ਵਜੇ ਦੇ ਕਰੀਬ ਹੋਈ | ਮਿ੍ਤਕਾਂ ਦੀ ਪਛਾਣ ਸੰਦੀਪ, ਪੁਨੀਤ, ਬਲਜੀਤ, ਆਕਾਸ਼, ਵਿਸ਼ਾਲ ਤੇ ਜਤਿਨ ਵਜੋਂ ਹੋਈ ਹੈ | ਕਾਰ ਦੇ ਪਰਖੱਚੇ ਉੱਡ ਗਏ | ਟਰਾਲਾ ਚਾਲਕ ਫਰਾਰ ਹੋ ਗਿਆ | ਸਮਾਲਖਾ ਵਿਚ ਨੈਸ਼ਨਲ ਹਾਈਵੇਅ-44 ‘ਤੇ ਝਾਟੂਪਰ ਨੇੜੇ ਟਰੈਕਟਰ-ਟਰਾਲੀ ਹਾਦਸੇ ਵਿਚ ਤਿੰਨ ਔਰਤਾਂ ਦੀ ਮੌਤ ਹੋ ਗਈ ਤੇ 16 ਲੋਕ ਜ਼ਖਮੀ ਹੋ ਗਏ | ਉਹ ਚੁਲਕਾਨਾ ਪਿੰਡ ਵਿਚ ਖਟਾਊ ਸ਼ਿਆਮ ਧਾਮ ਵਿਖੇ ਮੱਥਾ ਟੇਕ ਕੇ ਪਿੰਡ ਉਝਾ ਪਰਤ ਰਹੇ ਸਨ |




