ਨਵੀਂ ਦਿੱਲੀ : ਨਿਊ ਯਾਰਕ ਤੋਂ ਨਵੀਂ ਦਿੱਲੀ ਆ ਰਹੀ ਅਮਰੀਕੀ ਏਅਰਲਾਈਨ ਦੀ ਉਡਾਣ ‘ਚ ਸ਼ਰਾਬੀ ਨੇ ਸਾਥੀ ਪੁਰਸ਼ ਮੁਸਾਫਰ ‘ਤੇ ਪਿਸ਼ਾਬ ਕਰ ਦਿੱਤਾ | ਇਹ ਘਟਨਾ ਉਡਾਣ ਸੰਖਿਆ ਏ ਏ 292, ਜਿਸ ਨੇ ਨਿਊ ਯਾਰਕ ਤੋਂ ਸ਼ੁੱਕਰਵਾਰ ਨੂੰ ਰਾਤ 9:16 ਵਜੇ ਉਡਾਣ ਭਰੀ ਸੀ, ‘ਚ ਵਾਪਰੀ | ਉਡਾਣ 14 ਘੰਟੇ 26 ਮਿੰਟ ਮਗਰੋਂ ਸਨਿੱਚਰਵਾਰ ਰਾਤ 10:12 ਵਜੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਉੱਤਰੀ ਸੀ | ਦਿੱਲੀ ਦੇ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ—ਸਾਨੂੰ ਅਮਰੀਕੀ ਏਅਰਲਾਈਨਜ਼ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਇਕ ਵਿਅਕਤੀ ਨੇ ਸਾਥੀ ਮੁਸਾਫਰ ‘ਤੇ ਪਿਸ਼ਾਬ ਕੀਤਾ ਹੈ | ਇਸ ਵਿਅਕਤੀ ਦੀ ਪਛਾਣ ਆਰੀਆ ਵੋਹਰਾ (20) ਵਜੋਂ ਦੱਸੀ ਗਈ ਹੈ, ਜੋ ਅਮਰੀਕਾ ‘ਚ ਵਿਦਿਆਰਥੀ ਹੈ ਤੇ ਦਿੱਲੀ ਦੀ ਡਿਫੈਂਸ ਕਲੋਨੀ ਦਾ ਵਸਨੀਕ ਹੈ | ਅਸੀਂ ਲੋੜੀਂਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ | ਹਵਾਈ ਅੱਡੇ ਉੱਤੇ ਇਕ ਸੂਤਰ ਨੇ ਕਿਹਾ—ਮੁਲਜ਼ਮ ਅਮਰੀਕੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ | ਉਹ ਨਸ਼ੇ ਦੀ ਹਾਲਤ ‘ਚ ਸੀ ਤੇ ਉਸ ਨੇ ਸੁੱਤੇ ਪਏ ਨੇ ਪਿਸ਼ਾਬ ਕਰ ਦਿੱਤਾ | ਪਿਸ਼ਾਬ ਕਿਸੇ ਤਰੀਕੇ ਨਾਲ ਬੈਠੇ ਮੁਸਾਫਰ ‘ਤੇ ਜਾ ਡਿੱਗਾ ਤੇ ਉਸ ਨੇ ਅੱਗੇ ਅਮਲੇ ਨੂੰ ਸ਼ਿਕਾਇਤ ਕੀਤੀ | ਦਿੱਲੀ ਉੱਤਰਦੇ ਹੀ ਮੁਲਜ਼ਮ ਨੂੰ ਹਿਰਾਸਤ ‘ਚ ਲੈ ਲਿਆ ਗਿਆ |
ਪਿਛਲੇ ਕੁਝ ਮਹੀਨਿਆਂ ‘ਚ ਉਡਾਣ ਦੌਰਾਨ ਸਾਥੀ ਮੁਸਾਫਰ ‘ਤੇ ਪਿਸ਼ਾਬ ਕੀਤੇ ਜਾਣ ਦਾ ਇਹ ਦੂਜਾ ਮਾਮਲਾ ਹੈ | ਪਿਛਲੇ ਸਾਲ 26 ਨਵੰਬਰ ਨੂੰ ਨਿਊ ਯਾਰਕ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਦੌਰਾਨ ਸ਼ੰਕਰ ਮਿਸ਼ਰਾ ਨਾਂਅ ਦੇ ਸ਼ਖਸ ਨੇ ਸ਼ਰਾਬੀ ਹਾਲਤ ‘ਚ ਸਾਥੀ ਬਜੁਰਗ ਮਹਿਲਾ ਮੁਸਾਫਰ ‘ਤੇ ਕਥਿਤ ਪਿਸ਼ਾਬ ਕੀਤਾ ਸੀ | ਮਿਸ਼ਰਾ ਨੂੰ ਗਿ੍ਫਤਾਰ ਕਰ ਲਿਆ ਗਿਆ ਸੀ | ਉਹ ਮਹੀਨਾ ਜੇਲ੍ਹ ‘ਚ ਰਹਿਣ ਮਗਰੋਂ ਜ਼ਮਾਨਤ ‘ਤੇ ਰਿਹਾਅ ਹੋਇਆ ਸੀ | ਉਧਰ ਹਵਾਬਾਜ਼ੀ ਰੈਗੂਲੇਟਰ ਡੀ ਜੀ ਸੀ ਏ ਨੇ ਇਹ ਮਾਮਲਾ ਸਮੇਂ ਸਿਰ ਰਿਪੋਰਟ ਨਾ ਕਰਨ ਬਦਲੇ ਏਅਰ ਇੰਡੀਆ ਨੂੰ 30 ਲੱਖ ਰੁਪਏ ਦਾ ਜੁਰਮਾਨਾ ਲਾਇਆ ਸੀ | ਦਿੱਲੀ ਪੁਲਸ ਭਾਵੇਂ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਮਿਸ਼ਰਾ ਉੱਤੇ ਚਾਰ ਮਹੀਨਿਆਂ ਲਈ ਹਵਾਈ ਸਫਰ ਕਰਨ ਦੀ ਪਾਬੰਦੀ ਆਇਦ ਹੈ |