ਚੰਡੀਗੜ੍ਹ : ਵਾਇਰਲ ਵੀਡੀਓ ‘ਚ ਪੰਜਾਬ ਦੇ ਕੁਝ ਸੈਲਾਨੀ ਐਤਵਾਰ ਰਾਤ ਕੁੱਲੂ ਜ਼ਿਲ੍ਹੇ ਦੇ ਮਨੀਕਰਨ ‘ਚ ਹੰਗਾਮਾ ਕਰਦੇ ਨਜ਼ਰ ਆਉਣ ਤੋਂ ਬਾਅਦ ਹਿਮਾਚਲ ਦੇ ਡੀ ਜੀ ਪੀ ਸੰਜੇ ਕੁੰਡੂ ਨੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨਾਲ ਗੱਲ ਕੀਤੀ | ਵੀਡੀਓ ‘ਚ ਸੈਲਾਨੀ ਘਰਾਂ ‘ਤੇ ਪੱਥਰ ਸੁੱਟਦੇ ਨਜ਼ਰ ਆ ਰਹੇ ਹਨ |
ਉਨ੍ਹਾਂ ਕੁਝ ਸਥਾਨਕ ਲੋਕਾਂ ਦੀ ਕੁੱਟਮਾਰ ਵੀ ਕੀਤੀ, ਜਿਸ ਨਾਲ ਦਹਿਸ਼ਤ ਪੈਦਾ ਹੋ ਗਈ | ਕੁੱਲੂ ਦੀ ਐੱਸ ਪੀ ਸਾਕਸ਼ੀ ਵਰਮਾ ਨੇ ਕਿਹਾ ਕਿ ਹੁੱਲੜਬਾਜ਼ਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ | ਉਨ੍ਹਾ ਕਿਹਾ ਕਿ ਬਹਿਸ ਤੋਂ ਬਾਅਦ ਸਥਾਨਕ ਲੋਕਾਂ ਅਤੇ ਸੈਲਾਨੀਆਂ ਵਿਚਕਾਰ ਝੜਪ ਹੋ ਗਈ | ਸੜਕ ਕਿਨਾਰੇ ਖੜ੍ਹੇ ਕੁਝ ਵਾਹਨ ਵੀ ਨੁਕਸਾਨੇ ਗਏ | ਐੱਸ ਪੀ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਗੁਰਦੁਆਰੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ | ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਮਨੀਕਰਨ ‘ਚ ਸਥਿਤੀ ਸ਼ਾਂਤੀਪੂਰਨ ਹੈ ਤੇ ਅਫਵਾਹਾਂ ‘ਤੇ ਯਕੀਨ ਨਾ ਕੀਤਾ ਜਾਵੇ |

