ਜਲੰਧਰ (ਰਾਜੇਸ਼ ਥਾਪਾ)-ਭਾਰਤ ਦੀ ਸਿਰਮੌਰ ਅਤੇ ਸਭ ਤੋਂ ਪਹਿਲੀ ਕੌਮੀ ਪੱਧਰ ਦੀ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸਨ ਦੀ ਪੰਜਾਬ ਇਕਾਈ ਵੱਲੋਂ ਜਥੇਬੰਦੀ ਦੇ ਆਗੂਆਂ ਦੀ ਦੋ-ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦੀ ਸ਼ਨੀਵਾਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸ਼ੁਰੂਆਤ ਹੋਈ | ਵਿਦਿਆਰਥੀ ਨੂੰ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸਲਾਹਕਾਰ ਜਗਰੂਪ, ਸੀਨੀਅਰ ਐਡਵੋਕੇਟ ਰਾਜਿੰਦਰ ਮੰਡ, ਕੌਮੀ ਜਨਰਲ ਸਕੱਤਰ ਵਿੱਕੀ ਮਹੇਸਰੀ, ਸੂਬਾ ਸਕੱਤਰ ਵਰਿੰਦਰ ਖੁਰਾਣਾ, ਸੂਬਾ ਪ੍ਰਧਾਨ ਲਵਪ੍ਰੀਤ ਮਾੜੀਮੇਘਾ ਤੇ ਏ ਆਈ ਵਾਈ ਐੱਫ ਦੇ ਸਾਬਕਾ ਸੂਬਾਈ ਸਕੱਤਰ ਕੁਲਦੀਪ ਭੋਲਾ ਨੇ ਸੰਬੋਧਨ ਕੀਤਾ | ਜਥੇਬੰਦਕ ਕੰਮਾਂ ਅਤੇ ਵਿਦਿਆਰਥੀ ਲਹਿਰ ਦੀ ਉਸਾਰੀ ਲਈ ਬਹੁਤ ਅਹਿਮ ਮੁੱਦਿਆਂ ਉੱਤੇ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ ਗਈ | ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਆਏ ਜਥੇਬੰਦਕ ਆਗੂਆਂ ਨੇ ਵਿੱਦਿਆ, ਰੁਜ਼ਗਾਰ, ਵਾਤਾਵਰਣ, ਪੰਜਾਬ ਦੇ ਪਾਣੀ ਸੰਕਟ, ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਇਹਨਾਂ ਮਸਲਿਆਂ ਉੱਪਰ ਜਥੇਬੰਦ ਕਰਨ ਵਰਗੇ ਅਹਿਮ ਮੁੱਦਿਆਂ ਉੱਤੇ ਨਿੱਠ ਕੇ ਵਿਚਾਰ-ਚਰਚਾ ਕੀਤੀ |
ਦੱਸਣਯੋਗ ਹੈ ਕਿ ਇੱਕ ਜਥੇਬੰਦਕ ਫੈਸਲੇ ਅਨੁਸਾਰ ਆਗੂਆਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਖੋਹ ਕੇ ਕੇਂਦਰ ਅਧੀਨ ਲੈ ਕੇ ਜਾਣ ਦੇ ਖਿਲਾਫ ਸੰਘਰਸ਼ ਦਾ ਬਿਗਲ ਵੱਜ ਚੁੱਕਿਆ ਹੈ ਅਤੇ ਜਥੇਬੰਦੀ ਨੇ ਬਾਕੀ ਜਥੇਬੰਦੀਆਂ ਨਾਲ ਮਿਲ ਕੇ 9 ਜੂਨ ਨੂੰ ਸਾਂਝੇ ਤੌਰ ‘ਤੇ ਗਵਰਨਰ ਹਾਊਸ ਵੱਲ ਨੂੰ ਮਾਰਚ ਕੀਤਾ, ਜਿਸ ਦੌਰਾਨ ਪੰਜਾਬ ਪੁਲਸ ਨੇ ਵਿਦਿਆਰਥੀ ‘ਤੇ ਬਲ ਦਾ ਪ੍ਰਯੋਗ ਕੀਤਾ, ਪਰ ਵਿਦਿਆਰਥੀਆਂ ਦੇ ਹੜ੍ਹ ਨੂੰ ਰੋਕ ਨਾ ਸਕੇ | ਵਿਦਿਆਰਥੀਆਂ ਦੇ ਰੋਹ ਨੂੰ ਵੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਥੇਬੰਦੀਆਂ ਨੂੰ ਮੁੱਖ ਮੰਤਰੀ ਨਿਵਾਸ ‘ਤੇ ਮੀਟਿੰਗ ਲਈ ਸੱਦਾ ਦੇਣਾ ਪਿਆ | ਆਗੂਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਅਧੀਨ ਕਰਨ ਦੀ ਕਿਸੇ ਵੀ ਕੋਝੀ ਸਾਜ਼ਿਸ਼ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ | ਆਉਣ ਵਾਲੇ ਦਿਨਾਂ ਵਿੱਚ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਲਾਮਬੰਦੀ ਕੀਤੀ ਜਾਵੇਗੀ | ਵਿਦਿਆਰਥੀ ਆਗੂਆਂ ਕਿਹਾ ਕਿ ਇਸ ਮਸਲੇ ‘ਤੇ ਪੰਜਾਬ ਸਰਕਾਰ ਦੀ ਸਾਜ਼ਿਸ਼ ਭਰੀ ਚੁੱਪ ਪੰਜਾਬ ਦੇ ਆਵਾਮ ਨਾਲ ਧ੍ਰੋਹ ਹੈ | ਇੱਕ ਪਾਸੇ ਜਦੋਂ ਪੰਜਾਬ ਦੀ ਮਿੱਟੀ ‘ਚੋਂ ਉਸਰੀ ਅਤੇ ਪੰਜਾਬੀਆਂ ਦੇ ਖੂਨ ਨਾਲ ਸਿੰਜੀ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹਣ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹੋਣ ਤੇ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਇਸ ਮੁੱਦੇ ਉੱਤੇ ਜ਼ਬਾਨ ਵੀ ਨਾ ਖੋਲ੍ਹਣ | ਮੁੱਖ ਮੰਤਰੀ ਦਾ ਚੁੱਪ ਰਹਿਣਾ ਪੰਜਾਬ ਨਾਲ ਵੱਡਾ ਧ੍ਰੋਹ ਹੈ, ਪਰ ਪੰਜਾਬ ਦੇ ਵਿਦਿਆਰਥੀ ਅਜਿਹੀ ਕਿਸੇ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਣਗੇ | ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਸ ਵਰਕਸ਼ਾਪ ਵਿੱਚ ਭਵਿੱਖੀ ਨੀਤੀਆਂ ਬਣਾਉਣ ਦਾ ਕੰਮ ਕੀਤਾ ਜਾਵੇਗਾ | ਆਉਣ ਵਾਲਾ ਸਮਾਂ ਲੋਕਾਂ ਲਈ ਸੁਖਾਵਾਂ ਨਹੀਂ, ਸਰਕਾਰ ਨੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਕਦੋਂ ਦੀ ਭੁਲਾ ਦਿੱਤੀ ਹੈ | ਇਸ ਲਈ ਹੁਣ ਵਿਦਿਆਰਥੀ- ਨੌਜਵਾਨਾਂ ਦਾ ਫਰਜ਼ ਬਣਦਾ ਹੈ ਕਿ ਉਹ ਸੁਚੇਤ ਹੋ ਕੇ ਰਾਜ-ਸੱਤਾ ਆਪਣੇ ਹੱਥ ਵਿੱਚ ਲੈਣ ਵੱਲ ਵਧਣ | ਵਰਕਸ਼ਾਪ ਦੇ ਪਹਿਲੇ ਦਿਨ ਪਹੁੰਚੇ ਵਿਦਿਆਰਥੀਆਂ ਦਾ ਸਵਾਗਤ ਸੰਦੀਪ ਦੌਲੀਕੇ ਨੇ ਕੀਤਾ |





