ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਮੰਗਲਵਾਰ ਪੰਜਾਬ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਆਪਣੇ ਪੁੱਤਰ ਲਈ ਇਨਸਾਫ ਦੀ ਮੰਗ ਕਰਦਿਆਂ ਧਰਨਾ ਦਿੱਤਾ | ਉਨ੍ਹਾਂ ਦੇ ਨਾਲ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਪੰਜਾਬ ਕਾਂਗਰਸ ਦੇ ਕੁਝ ਸੀਨੀਅਰ ਆਗੂ ਵੀ ਸਨ | ਬਲਕੌਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੇ ਪੁੱਤਰ ਦੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਫਰਾਰ ਹਨ | ਜਾਂਚ ਏਜੰਸੀਆਂ ਨੇ ਕੁਝ ਵੀ ਠੋਸ ਨਹੀਂ ਕੀਤਾ | ਉਨ੍ਹਾ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਦੀ ਮੰਗ ਵੀ ਕੀਤੀ | ਇਸ ਦੌਰਾਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ 20 ਮਾਰਚ ਤੋਂ ਬਾਅਦ ਮਿਲਾਉਣ ਦਾ ਭਰੋਸਾ ਦਿਵਾਉਣ ਤੋਂ ਬਾਅਦ ਉਨ੍ਹਾ ਧਰਨਾ ਚੁੱਕ ਲਿਆ | ਬਲਕੌਰ ਸਿੰਘ ਨੇ ਕਿਹਾ ਕਿ ਜੇ ਇਸ ਵਾਰ ਵੀ ਸਰਕਾਰ ਨੇ ਸਿਰਫ ਵਾਅਦਾ ਹੀ ਕੀਤਾ ਤਾਂ ਉਹ ਲੋਕਾਂ ਦੇ ਘਰ-ਘਰ ਜਾ ਕੇ ਇਨਸਾਫ ਦੀ ਮੰਗ ਕਰਨਗੇ |




