ਚੰਡੀਗੜ੍ਹ (ਗੁਰਜੀਤ ਬਿੱਲਾ)-ਗ੍ਰੇਟਰ ਮੁਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਦੀਆਂ ਵੱਖ-ਵੱਖ ਜਾਇਦਾਦਾਂ ਦੀ ਮੰਗਲਵਾਰ ਦੇਰ ਸ਼ਾਮ ਸਮਾਪਤ ਹੋਈ ਈ-ਨਿਲਾਮੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਅਥਾਰਟੀ ਨੇ ਜਾਇਦਾਦਾਂ ਦੀ ਨਿਲਾਮੀ ਤੋਂ 1935.88 ਕਰੋੜ ਰੁਪਏ ਦੀ ਕਮਾਈ ਕੀਤੀ ਹੈ | ਇਹ ਜਾਇਦਾਦਾਂ, ਜਿਨ੍ਹਾਂ ‘ਚ ਗਰੁੱਪ ਹਾਊਸਿੰਗ, ਕਮਰਸ਼ੀਅਲ ਚੰਕ, ਨਰਸਿੰਗ ਹੋਮ, ਆਈ ਟੀ ਉਦਯੋਗਿਕ ਪਲਾਟ, ਐੱਸ ਸੀ ਓਜ਼ ਅਤੇ ਬੂਥ ਸ਼ਾਮਲ ਹਨ, ਗਮਾਡਾ ਦੇ ਵੱਖ-ਵੱਖ ਪ੍ਰਾਜੈਕਟਾਂ ਜਿਵੇਂ ਆਈ ਟੀ ਸਿਟੀ, ਏਅਰੋਸਿਟੀ ਅਤੇ ਮੁਹਾਲੀ ਦੇ ਹੋਰ ਸੈਕਟਰਾਂ ‘ਚ ਸਥਿਤ ਹਨ | ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕਿਸੇ ਇਕ ਈ-ਨਿਲਾਮੀ ‘ਚ ਗਮਾਡਾ ਵਲੋਂ ਹੁਣ ਤੱਕ ਇਹ ਸਭ ਤੋਂ ਵੱਧ ਕੀਮਤ ਦੀਆਂ ਜਾਇਦਾਦਾਂ ਵੇਚੀਆਂ ਗਈਆਂ ਹਨ | ਕੁੱਲ 6 ਗਰੁੱਪ ਹਾਊਸਿੰਗ ਸਾਈਟਾਂ ਬੋਲੀ ਲਈ ਉਪਲੱਬਧ ਸਨ ਅਤੇ ਇਨ੍ਹਾਂ ਸਾਰੀਆਂ ਨੂੰ ਖਰੀਦਦਾਰ ਮਿਲ ਗਏ |




