ਨਾਭਾ (ਵਰਿੰਦਰ ਵਰਮਾ)
ਕੇਂਦਰ ਦੀ ਮੋਦੀ ਹਕੂਮਤ ਦੇਸ਼ ਦੇ ਬਹੁਗਿਣਤੀ ਕਿਰਤੀ ਲੋਕਾਂ ਨੂੰ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ, ਬਿਮਾਰੀਆਂ ਨਾਲ ਮਾਰਨ ਦੇ ਖਤਰਨਾਕ ਏਜੰਡੇ ‘ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ | ਕਿਰਤੀ ਲੋਕਾਂ ਲਈ ਬਣਾਈਆਂ ਸਾਰੀਆਂ ਸਰਕਾਰੀ ਸਕੀਮਾਂ ਨੂੰ ਲਗਾਤਾਰ ਖਤਮ ਕਰਕੇ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਨੇ ਨਾਭਾ ਤਹਿਸੀਲ ਦੇ ਪਿੰਡ ਸੁੱਖੇਵਾਲ ਤੇ ਗਲਵੱਟੀ ਵਿਖੇ ਨਰੇਗਾ ਕਾਮਿਆਂ ਦੀਆਂ ਪ੍ਰਭਾਵਸ਼ਾਲੀ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਜਿੱਥੇ ਆਪਣੇ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਨ ਲਈ ਦੇਸ਼ ਦੇ ਕਿਰਤੀ ਵਰਗ ਨੂੰ ਧਰਮਾਂ, ਜਾਤਾਂ ਦੇ ਆਧਾਰ ‘ਤੇ ਵੰਡਣ ਲਈ ਕੰਮ ਕਰ ਰਹੀ ਹੈ, ਉਥੇ ਕਿਰਤੀ ਲੋਕਾਂ ਨੂੰ ਰਾਹਤ ਦੇਣ ਵਾਲੀਆਂ, ਸਕੀਮਾਂ ਜਿਵੇਂ ਕਿ ਪੇਂਡੂ ਆਰਥਿਕਤਾ ਨੂੰ ਥੋੜ੍ਹਾ ਬਹੁਤਾ ਠੁੰਮ੍ਹਣਾ ਦੇਣ ਵਾਲੇ ਕਾਨੂੰਨ ਮਗਨਰੇਗਾ 2005 ਦੇ ਖਾਤਮੇ ਦੀਆਂ ਤਿਆਰੀਆਂ ਕਰ ਰਹੀ ਹੈ | ਉਨ੍ਹਾ ਕਿਹਾ ਕਿ ਮੋਦੀ ਸਰਕਾਰ ਨੇ ਪੇਸ਼ ਕੀਤੇ ਬੱਜਟ ‘ਤੇ ਕੱਟ ਲਾ ਕੇ ਦੇਸ਼ ਦੇ ਕਰੋੜਾਂ ਲੋਕਾਂ ਦੇ ਢਿੱਡੀਂ ਲੱਤ ਮਾਰ ਦਿੱਤੀ ਹੈ | 2021 ਤੋਂ 2022 ਤੱਕ ਨਰੇਗਾ ਬੱਜਟ ਲਈ ਲਗਭਗ 90000 ਹਜ਼ਾਰ ਕਰੋੜ ਰੁਪਏ ਰੱਖੇ ਸਨ, ਪਰ 2022 ਤੋਂ 2023 ਸਾਲ ਬਜਟ ਵਿੱਚ 61060 ਕਰੋੜ ਰੁਪਏ ਰੱਖੇ ਹਨ | ਇਸ ਸਾਲ ਹਕੂਮਤ ਵੱਲੋਂ ਬਜਟ ਵਾਧਾ ਕਰਨਾ ਚਾਹੀਦਾ ਸੀ, ਕਿਉਂਕਿ ਕੋਵਿਡ 2019 ਨੇ ਸਾਰੀ ਦੁਨੀਆ ਨੂੰ ਬੇਰੁਜ਼ਗਾਰੀ ਦੇ ਕੰਢੇ ‘ਤੇ ਲਿਆ ਖੜ੍ਹਾ ਕਰ ਦਿੱਤਾ ਹੈ | ਇਸ ਸਮੇਂ ਮੰਗ ਸੀ ਕਿ ਦੇਸ਼ ਦੇ ਰਜਿਸਟਰਡ ਨਰੇਗਾ ਕਾਮਿਆਂ ਲਈ 100 ਦਿਨ ਕੰਮ ਦੀ ਗਾਰੰਟੀ ਕਰਨ ਵਾਸਤੇ ਘੱਟੋ-ਘੱਟ 250 ਲੱਖ ਕਰੋੜ ਰੁਪਏ ਬਜਟ ਵਿੱਚ ਰੱਖੇ ਜਾਂਦੇ | ਦੁਨੀਆ ਵਿੱਚ ਵਧ ਰਹੇ ਮਸ਼ੀਨੀਕਰਨ ਦੇ ਕਾਰਨ ਕੰਮ ਘਟ ਰਿਹਾ ਹੈ | ਉਨ੍ਹਾ ਕਿਹਾ ਕਿ ਦੁਨੀਆ ਦੀ ਜਵਾਨੀ ਬੇਰੁਜ਼ਗਾਰੀ ਕਾਰਨ ਨਿਰਾਸ਼ਾ ਦੇ ਆਲਮ ‘ਚ ਗੋਤੇ ਖਾ ਰਹੀ ਹੈ | ਦੇਸ਼ ਵਿੱਚ ਵਧ ਰਹੀ ਮਹਿੰਗਾਈ ਕਿਰਤੀ ਵਰਗ ਲਈ ਬਹੁਤ ਵੱਡੀ ਆਫਤ ਬਣੀ ਪਈ ਹੈ | ਇਸ ਤਰ੍ਹਾਂ ਦੀ ਹਾਲਤ ਦੇ ਚਲਦਿਆਂ ਇੱਕ ਗਰੀਬ ਪਰਵਾਰ ਬੱਚਿਆਂ ਦੀ ਪੜ੍ਹਾਈ, ਖੁਰਾਕ, ਰਹਿਣ-ਸਹਿਣ, ਬਿਮਾਰੀਆਂ ਤੋਂ ਬਚਾਅ ਨਹੀਂ ਕਰ ਸਕਦਾ | ਵਧ ਰਹੀ ਮਹਿੰਗਾਈ ਦੇ ਚਲਦਿਆਂ ਕਾਮਿਆਂ ਦੀ ਦਿਹਾੜੀ ਘੱਟੋ ਘੱਟ 700 ਰੁਪਏ ਤੇ ਕੰਮ ਦਿਨਾਂ ਦੀ ਗਿਣਤੀ 200 ਕਰਨੀ ਚਾਹੀਦੀ ਸੀ | ਨਰੇਗਾ ਕਾਮਿਆਂ ਲਈ ਸਮਾਰਟ ਫੋਨ ਰਾਹੀਂ ਹਾਜ਼ਰੀ ਲਾਉਣ ਦੇ ਕੰਮ ਨੇ ਕਿਰਤੀਆਂ ਲਈ ਬਹੁਤ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ | ਕਈ ਕਈ ਦਿਨ ਐਪ ਨਹੀਂ ਚਲਦੀ ਤੇ ਨੈੱਟ ਦੀ ਰੇਂਜ ਨਾ ਹੋਣ ਕਾਰਨ ਕਾਮਿਆਂ ਨੂੰ ਨਿਰਾਸ਼ ਹੋਣ ਕਾਰਨ ਘਰਾਂ ਨੂੰ ਮੁੜਨਾ ਪੈ ਜਾਂਦਾ ਹੈ | ਇਸ ਲਈ ਮੋਦੀ ਹਕੂਮਤ ਦੇ ਕਿਰਤੀ ਵਿਰੋਧੀ ਰਵੱਈਏ ਕਾਰਨ ਕੌਮੀ ਪੇਂਡੂ ਰੁਜ਼ਗਾਰ ਗਰੰਟੀ ਵਰਕਰਜ਼ ਫੈਡਰੇਸ਼ਨ ਏਟਕ ਦੇ ਕੌਮੀ ਸੱਦੇ ‘ਤੇ ਅਮਲ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਪੰਜਾਬ ਇਕਾਈ ਨੇ ਸੱਦਾ ਦਿੱਤਾ ਕਿ 12 ਮਾਰਚ ਤੱਕ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ 13 ਮਾਰਚ ਨੂੰ ਤਹਿਸੀਲ ਪੱਧਰ ‘ਤੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਐੱਸ ਡੀ ਐੱਮ ਨੂੰ ਮੰਗ ਪੱਤਰ ਦਿੱਤੇ ਜਾਣਗੇ | ਨਰੇਗਾ ਕਾਮਿਆਂ ਨੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੀ ਅਗਵਾਈ ਪਿੰਡ ਸੁੱਖੇਵਾਲ ਤੇ ਗਲਵੱਟੀ ਇਕਾਈਆਂ ਨੇ ਮੋਦੀ ਹਕੂਮਤ ਦੇ ਪੁਤਲੇ ਫੂਕੇ |




