ਵਾਸ਼ਿੰਗਟਨ : ਅਮਰੀਕਾ ਨੇ ਕੌਮਾਂਤਰੀ ਵਿਦਿਆਰਥੀਆਂ ਦੀਆਂ ਕੁਝ ਸ਼੍ਰੇਣੀਆਂ ਲਈ ਅਰਜ਼ੀਆਂ ਦੀ ਪ੍ਰੀਮੀਅਮ ਪ੍ਰੋਸੈਸਿੰਗ (ਵੀਜ਼ੇ ਤੇਜ਼ੀ ਨਾਲ ਜਾਰੀ ਕਰਨ) ਦਾ ਐਲਾਨ ਕੀਤਾ, ਜਿਸ ਨਾਲ ਅਮਰੀਕਾ ‘ਚ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਵਿਸ਼ਿਆਂ ਦਾ ਅਧਿਐਨ ਕਰਨ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ |
ਕਿਸ਼ਤੀ ‘ਚੋਂ 425 ਕਰੋੜ ਦਾ ਨਸ਼ਾ ਬਰਾਮਦ
ਪੋਰਬੰਦਰ : ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ਏ ਟੀ ਐੱਸ ਨੇ ਸੋਮਵਾਰ ਦੇਰ ਰਾਤ ਸਾਂਝੀ ਕਾਰਵਾਈ ਦੌਰਾਨ ਗੁਜਰਾਤ ਤੋਂ ਦੂਰ ਅਰਬ ਸਾਗਰ ‘ਚ ਭਾਰਤੀ ਜਲ ਸੀਮਾ ‘ਚ 425 ਕਰੋੜ ਰੁਪਏ ਦੀ ਕੀਮਤ ਦੇ 61 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਤੇ ਪੰਜ ਮੁਲਜ਼ਮਾਂ ਨੂੰ ਈਰਾਨੀ ਕਿਸ਼ਤੀ ਸਣੇ ਕਾਬੂ ਕੀਤਾ | ਓਖਾ ਬੰਦਰਗਾਹ ਤੋਂ ਕੁਝ ਸੌ ਨੌਟੀਕਲ ਮੀਲ ਦੂਰ ਇਹ ਕਿਸ਼ਤੀ ਮੱਛੀਆਂ ਫੜ ਰਹੀ ਸੀ |
ਇਨੋਵਾ ਨੇ ਪੰਜ ਮਜ਼ਦੂਰ ਕੁਚਲੇ
ਸੋਲਨ : ਮੰਗਲਵਾਰ ਸਵੇਰੇ ਸਵਾ 9 ਵਜੇ ਦੇ ਕਰੀਬ ਧਰਮਪੁਰ ਦੇ ਪੈਟਰੋਲ ਪੰਪ ਨੇੜੇ ਨੈਸ਼ਨਲ ਹਾਈਵੇ ‘ਤੇ ਪੈਦਲ ਜਾ ਰਹੇ ਮਜ਼ਦੂਰਾਂ ‘ਤੇ ਇਨੋਵਾ ਚੜ੍ਹ ਗਈ | ਸਿੱਟੇ ਵਜੋਂ ਪੰਜ ਜਣਿਆਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖਮੀ ਹੋ ਗਏ |
ਪੇਪਰ ਲੀਕ ਕਰਨ ‘ਤੇ ਮਿਲੇਗੀ ਸਖਤ ਸਜ਼ਾ
ਅਹਿਮਦਾਬਾਦ : ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਨੇ ਸਰਕਾਰੀ ਭਰਤੀ ਲਈ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਬੱਜਟ ਸੈਸ਼ਨ ਦੌਰਾਨ ਭਾਜਪਾ ਸਰਕਾਰ ਵੱਲੋਂ ਲਿਆਂਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਬਿੱਲ ਦੇ ਤਹਿਤ ਅਜਿਹੇ ਮਾਮਲਿਆਂ ‘ਚ ਸ਼ਾਮਲ ਲੋਕਾਂ ਨੂੰ 10 ਸਾਲ ਤੱਕ ਦੀ ਕੈਦ ਅਤੇ ਇਕ ਕਰੋੜ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਦੇਣ ਦੀ ਵਿਵਸਥਾ ਹੈ |
ਮੇਘਾਲਿਆ ਤੇ ਨਾਗਾਲੈਂਡ ‘ਚ ਵਜ਼ਾਰਤਾਂ ਕਾਇਮ
ਸ਼ਿਲਾਂਗ : ਨੈਸ਼ਨਲ ਪੀਪਲਜ਼ ਪਾਰਟੀ ਦੇ ਆਗੂ ਕੋਨਰਾਡ ਕੇ ਸੰਗਮਾ ਨੇ ਮੰਗਲਵਾਰ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ | ਰਾਜਪਾਲ ਫੱਗੂ ਚੌਹਾਨ ਨੇ ਐੱਨ ਪੀ ਪੀ ਦੇ ਸੱਤ ਹੋਰ ਵਿਧਾਇਕਾਂ, ਯੂਨਾਈਟਿਡ ਡੈਮੋਕਰੇਟਿਕ ਪਾਰਟੀ (ਯੂ ਡੀ ਪੀ) ਦੇ ਦੋ ਅਤੇ ਭਾਜਪਾ ਤੇ ਹਿੱਲ ਸਟੇਟ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਐੱਚ ਐੱਸ ਪੀ ਡੀ ਪੀ) ਦੇ ਇੱਕ-ਇੱਕ ਵਿਧਾਇਕ ਨੂੰ ਮੰਤਰੀਆਂ ਵਜੋਂ ਸਹੁੰ ਚੁਕਾਈ | ਇਸ ਮੌਕੇ ਮੋਦੀ, ਸ਼ਾਹ ਤੇ ਨੱਢਾ ਵੀ ਮੌਜੂਦ ਸਨ | ਉਧਰ, ਐੱਨ ਡੀ ਪੀ ਪੀ ਨੇਤਾ ਨੇਫਿਊ ਰੀਓ ਨੇ ਕੋਹੀਮਾ ਵਿਚ ਪੰਜਵੀਂ ਵਾਰ ਨਾਗਾਲੈਂਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ | ਟੀ ਆਰ ਜੇਲਿਯਾਂਗ ਤੇ ਵਾਈ ਪੈਟਨ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ | ਇੱਥੇ ਵੀ ਪ੍ਰਧਾਨ ਮੰਤਰੀ ਮੌਜੂਦ ਸਨ |
ਜਹਾਜ਼ ਹਾਦਸੇ ‘ਚ ਮਾਂ ਦੀ ਮੌਤ, ਧੀ ਜ਼ਖਮੀ
ਨਿਊਯਾਰਕ : ਇੱਥੇ ਐਤਵਾਰ ਨੂੰ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਭਾਰਤੀ ਮੂਲ ਦੀ ਰੋਮਾ ਗੁਪਤਾ (63) ਦੀ ਮੌਤ ਹੋ ਗਈ ਅਤੇ ਉਸ ਦੀ ਧੀ ਤੇ ਪਾਇਲਟ ਇੰਸਟ੍ਰਕਟਰ ਰੀਵਾ ਗੁਪਤਾ (33) ਜ਼ਖਮੀ ਹੋ ਗਈ | ਪਾਇਲਟ ਨੇ ਕਾਕਪਿਟ ‘ਚ ਧੂੰਏਾ ਦੀ ਸੂਚਨਾ ਦਿੱਤੀ ਅਤੇ ਥੋੜ੍ਹੀ ਦੇਰ ਬਾਅਦ ਹੀ ਜਹਾਜ਼ ਲੌਂਗ ਆਈਲੈਂਡ ‘ਚ ਘਰਾਂ ਦੇ ਨੇੜੇ ਕਰੈਸ਼ ਹੋ ਗਿਆ |
ਭਾਜਪਾ ਨੂੰ ਖੁਸ਼ਫਹਿਮੀ : ਰਾਹੁਲ
ਲੰਡਨ : ਰਾਹੁਲ ਗਾਂਧੀ ਨੇ ਇੱਥੇ ਕਿਹਾ ਕਿ ਭਾਜਪਾ ਨੂੰ ਇਹ ਸੁਣਨਾ ਚੰਗਾ ਲੱਗਦਾ ਹੈ ਕਿ ਉਹ ਭਾਰਤ ‘ਚ ਹਮੇਸ਼ਾ ਸੱਤਾ ‘ਚ ਰਹੇਗੀ, ਪਰ ਅਜਿਹਾ ਨਹੀਂ ਹੈ | ਉਨ੍ਹਾ ਕਿਹਾ ਕਿ ਇਹ ਕਹਿਣਾ ਹਾਸੋਹੀਣਾ ਹੈ ਕਿ ਕਾਂਗਰਸ ਦਾ ਸਮਾਂ ਖਤਮ ਹੋ ਗਿਆ ਹੈ | ਇਥੇ ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਿਆਸੀ ਸੰਵਾਦ ਦੇ ਬਦਲਦੇ ਸੁਭਾਅ ਨੂੰ ਨਜ਼ਰਅੰਦਾਜ਼ ਕਰਨਾ ਕਾਂਗਰਸ ਦੀ ਅਗਵਾਈ ਵਾਲੀ ਸਾਂਝੇ ਪ੍ਰਗਤੀਸ਼ੀਲ ਗੱਠਜੋੜ ਦੀ ਸਰਕਾਰ ਦੀ ਅਸਫਲਤਾ ਦਾ ਵੱਡਾ ਕਾਰਨ ਬਣਿਆ |
ਈ ਡੀ ਵੱਲੋਂ ਸਿਸੋਦੀਆ ਤੋਂ ਜੇਲ੍ਹ ‘ਚ ਪੁੱਛਗਿੱਛ
ਨਵੀਂ ਦਿੱਲੀ : ਦਿੱਲੀ ਆਬਕਾਰੀ ਨੀਤੀ ‘ਚ ਕਥਿਤ ਬੇਨੇਮੀਆਂ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ‘ਚ ਈ ਡੀ ਨੇ ਮੰਗਲਵਾਰ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਪੁੱਛਗਿੱਛ ਕੀਤੀ ਤੇ ਉਨ੍ਹਾ ਦੇ ਬਿਆਨ ਦਰਜ ਕੀਤੇ | ਇਸੇ ਦੌਰਾਨ ਇਸ ਮਾਮਲੇ ਵਿਚ ਹੈਦਰਾਬਾਦ ਦੇ ਸ਼ਰਾਬ ਕਾਰੋਬਾਰੀ ਅਰੁਣ ਰਾਮਚੰਦਰ ਪਿੱਲਈ ਨੂੰ ਹਿਰਾਸਤ ‘ਚ ਲਿਆ ਗਿਆ ਹੈ |


