ਭਾਜਪਾ ਨੂੰ ਲਾਂਭੇ ਕਰਨ ਲਈ ਸਾਰੀਆਂ ਸੈਕੂਲਰ ਤਾਕਤਾਂ ਅੱਗੇ ਆਉਣ : ਅਰਸ਼ੀ

0
240

ਬੁਢਲਾਡਾ (ਅਸ਼ੋਕ ਲਾਕੜਾ)-ਦੇਸ਼ ਵਿਚ ਫਿਰਕੂ ਅਤੇ ਫਾਸਸ਼ੀਵਾਦੀ ਤਾਕਤਾਂ ਵੱਲੋਂ ਫਿਰਕੂ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਜਿਸ ਨਾਲ ਦੇਸ਼ ਅੰਦਰ ਭਾਈਚਾਰਕ ਸਾਂਝ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਵਧ ਰਿਹਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਪਾਰਟੀ ਦਫਤਰ ਵਿਖੇ ਪ੍ਰਮੁੱਖ ਲੀਡਰਸ਼ਿਪ ਨੂੰ ਸੰਬੋਧਨ ਕੀਤਾ | ਉਨ੍ਹਾ ਕਿਹਾ ਕਿ ਦੇਸ਼ ਦੇ ਟੁੱਟ ਰਹੇ ਸੰਵਿਧਾਨ ਤੇ ਭਾਈਚਾਰਕ ਸਾਂਝ ਨੂੰ ਕਾਇਮ ਕਰਕੇ ਫਾਸ਼ੀਵਾਦੀ ਵਿਰੋਧੀ ਫਰੰਟ ਵੱਲੋਂ ਲਗਾਤਾਰ ਫਿਰਕੂ ਤਾਕਤਾਂ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਤਹਿਤ 10 ਮਾਰਚ ਨੂੰ ਜਲੰਧਰ ਵਿਖੇ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ | ਉਹਨਾ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੀਆਂ ਨੀਹਾਂ ਨੂੰ ਕਮਜ਼ੋਰ ਕਰਨ ਦਾ ਕੰਮ ਰੈਲੀ ਤੋਂ ਸ਼ੁਰੂ ਹੋਵੇਗਾ | ਉਹਨਾ ਅਪੀਲ ਕਰਦਿਆਂ ਕਿਹਾ ਕਿ ਦੇਸ਼ ਵਿਚ ਫਿਰਕੂ ਭਾਜਪਾ ਨੂੰ ਲਾਂਭੇ ਕਰਨ ਲਈ ਦੇਸ਼ ਦੀਆਂ ਸਾਰੀਆਂ ਧਰਮ ਨਿਰਪੱਖ ਤੇ ਜਮਹੂਰੀ ਤਾਕਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ | ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ ਨੇ ਲੀਡਰਸ਼ਿਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ 10 ਮਾਰਚ ਦੀ ਜਲੰਧਰ ਰੈਲੀ ਵਿਚ ਮਾਨਸਾ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿਚ ਸਾਥੀ ਸ਼ਾਮਲ ਹੋਣਗੇ | 19 ਮਾਰਚ ਦੀ ਸ਼ਹੀਦੀ ਕਾਨਫਰੰਸ ਮੁਜ਼ਾਰਾ ਲਹਿਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਿਸ਼ਨਗੜ੍ਹ ਵਿਖੇ ਹੋਵੇਗੀ, ਜਿਸ ਦੀਆਂ ਤਿਆਰੀਆਂ ਸੰਬੰਧੀ ਬਲਾਕ ਬੁਢਲਾਡਾ ਦੇ ਸਕੱਤਰ ਵੇਦ ਪ੍ਰਕਾਸ਼, ਸੀਤਾ ਰਾਮ ਗੋਬਿੰਦਪੁਰਾ ਤੇ ਮਲਕੀਤ ਸਿੰਘ ਮੰਦਰਾਂ ਹੇਠ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਪਾਰਟੀ ਦੀ ਸੂਬਾਈ ਲੀਡਰਸ਼ਿਪ, ਕੁਲ ਹਿੰਦ ਕਿਸਾਨ ਸਭਾ ਤੇ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਸੰਬੋਧਨ ਕਰੇਗੀ | ਕਾਨਫਰੰਸ ਮੌਕੇ ਡਾ. ਸਾਹਿਬ ਸਿੰਘ ਦੀ ਟੀਮ ਵੱਲੋਂ ਨਾਟਕ ‘ਲੱਛੂ ਕਬਾੜੀਆ’ ਖੇਡਿਆ ਜਾਵੇਗਾ | ਇਸ ਸਮੇ ਸੰਯੁਕਤ ਕਿਸਾਨ ਮੋਰਚੇ ਵੱਲੋਂ 20 ਮਾਰਚ ਦੀ ਦਿੱਲੀ ਰੈਲੀ ਸੰਬੰਧੀ ਆਗੂਆਂ ਦੀ ਅਗਵਾਈ ਹੇਠ ਡਿਊਟੀਆਂ ਲਾਈਆਂ ਗਈਆਂ | ਮੀਟਿੰਗ ਮੌਕੇ ਬਲਾਕ ਸਕੱਤਰ ਵੇਦ ਪ੍ਰਕਾਸ਼, ਜ਼ਿਲ੍ਹਾ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਇਸਤਰੀ ਆਗੂ ਮਨਜੀਤ ਕੌਰ ਗਾਮੀਵਾਲਾ, ਮਜ਼ਦੂਰ ਆਗੂ ਬੰਬੂ ਸਿੰਘ, ਮਲਕੀਤ ਸਿੰਘ ਬਖ਼ਸ਼ੀਵਾਲਾ ਤੇ ਕਰਨੈਲ ਸਿੰਘ ਦਾਤੇਵਾਸ ਵੀ ਹਾਜ਼ਰ ਸਨ |

LEAVE A REPLY

Please enter your comment!
Please enter your name here