ਲੰਡਨ : ਪੱਛਮੀ ਲੰਡਨ ‘ਚ ਦੋ ਨੌਜਵਾਨਾਂ ਨੂੰ 16 ਸਾਲਾ ਸਿੱਖ ਮੁੰਡੇ ਦੀ ਹੱਤਿਆ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ | ਉਨ੍ਹਾਂ ਨੇ ਉਸ ਨੂੰ ਗਲਤੀ ਨਾਲ ਪੱਛਮੀ ਲੰਡਨ ‘ਚ ਵਿਰੋਧੀ ਗਰੋਹ ਨਾਲ ਸੰਬੰਧਤ ਸਮਝ ਲਿਆ ਸੀ | ਹਿਲਿੰਗਡਨ ਦੇ ਰਹਿਣ ਵਾਲੇ 18 ਸਾਲਾ ਵਨੁਸਾਨ ਬਾਲਾਕਿ੍ਸ਼ਨਨ ਅਤੇ ਇਲਿਆਸ ਸੁਲੇਮਾਨ ਨੂੰ ਓਲਡ ਬੇਲੀ ਵਿਖੇ ਮੁਕੱਦਮੇ ਤੋਂ ਬਾਅਦ ਰਿਸ਼ਮੀਤ ਸਿੰਘ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ | ਅਫਗਾਨਿਸਤਾਨ ਤੋਂ ਸ਼ਰਨ ਲੈਣ ਲਈ ਅਕਤੂਬਰ 2019 ‘ਚ ਆਪਣੀ ਮਾਂ ਅਤੇ ਦਾਦੀ ਨਾਲ ਯੂ ਕੇ ਆਏ ਰਿਸ਼ਮੀਤ ਨੂੰ ਗਲਤੀ ਨਾਲ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਨੂੰ 15 ਵਾਰ ਚਾਕੂ ਮਾਰ ਕੇ ਕਤਲ ਕੀਤਾ ਗਿਆ ਸੀ | ਮਰਹੂਮ ਦੀ ਮਾਂ ਗੁਲਿੰਦਰ ਕੌਰ ਨੇ ਕਿਹਾ-ਮੈਂ ਆਪਣੇ ਪਤੀ ਨੂੰ ਗੁਆ ਦਿੱਤਾ ਹੈ ਅਤੇ ਹੁਣ ਮੈਂ ਆਪਣਾ ਇਕਲੌਤਾ ਪੁੱਤਰ ਗੁਆ ਦਿੱਤਾ ਹੈ | ਆਖਰਕਾਰ ਰਿਸ਼ਮੀਤ ਲਈ ਇਨਸਾਫ ਹੋ ਗਿਆ ਹੈ ਪਰ ਦੋਸ਼ੀਆਂ ਨੂੰ ਮਿਲੀ ਸਜ਼ਾ ਮੈਨੂੰ ਹਮੇਸ਼ਾ ਘੱਟ ਲੱਗੇਗੀ | ਉਨ੍ਹਾਂ ਮੇਰੀ ਪੂਰੀ ਜ਼ਿੰਦਗੀ ਮੇਰੇ ਤੋਂ ਖੋਹ ਲਈ ਹੈ ਅਤੇ ਰਿਸ਼ਮੀਤ ਦੁਬਾਰਾ ਕਦੇ ਘਰ ਨਹੀਂ ਆਵੇਗਾ | ਅਦਾਲਤ ਨੇ ਕਿਹਾ ਕਿ 24 ਨਵੰਬਰ 2021 ਦੀ ਰਾਤ ਨੂੰ ਰਿਸ਼ਮੀਤ ਘਰ ਜਾ ਰਿਹਾ ਸੀ, ਜਦੋਂ ਉਸ ਨੇ ਦੋ ਅਣਪਛਾਤੇ ਪੁਰਸ਼ਾਂ ਨੂੰ ਉਸ ਵੱਲ ਭੱਜਦੇ ਦੇਖਿਆ | ਉਸ ਨੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ | ਉਸ ਦਾ ਪਿੱਛਾ ਕਰਨ ਵਾਲਿਆਂ ਵਿੱਚੋਂ ਇੱਕ ਨੇ ਉਸ ਦੀ ਪਿੱਠ ‘ਚ ਘੱਟੋ-ਘੱਟ ਪੰਜ ਵਾਰ ਚਾਕੂ ਮਾਰਿਆ ਅਤੇ ਦੂਜੇ ਨੇ ਉਸ ਨੂੰ ਘੱਟੋ-ਘੱਟ 10 ਵਾਰ ਚਾਕੂ ਮਾਰਿਆ ਤੇ ਫਰਾਰ ਹੋ ਗਏ | ਪੁੱਛ-ਪੜਤਾਲ ‘ਚ ਸਾਹਮਣੇ ਆਇਆ ਕਿ ਬਾਲਾਕਿ੍ਸ਼ਨਨ ਅਤੇ ਸੁਲੇਮਾਨ ਨੇ ਆਪਣੀ ਬਾਈਕ ਪੁਲ ਕੋਲ ਸੁੱਟ ਦਿੱਤੀ ਅਤੇ ਰਿਸ਼ਮੀਤ ਦਾ ਪੈਦਲ ਪਿੱਛਾ ਕੀਤਾ |
ਬਾਲਾਕਿ੍ਸ਼ਨਨ ਨੇ ਪਹਿਲਾਂ ਉਸ ਉੱਤੇ ਹਮਲਾ ਕੀਤਾ | ਉਹ ਘਟਨਾ ਸਥਾਨ ਤੋਂ ਭੱਜਦੇ ਹੋਏ ਸੀ ਸੀ ਟੀ ਵੀ ‘ਚ ਕੈਦ ਹੋ ਗਏ ਸਨ |



