ਚੰਡੀਗੜ੍ਹ : ਕਾਂਗਰਸ ਵਿਧਾਇਕ ਦਲ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਂਗਰਸ ਵਿਧਾਇਕਾਂ ਨੂੰ ਧਮਕਾਉਣ ਲਈ ਮੁਆਫੀ ਨਹੀਂ ਮੰਗਦੇ, ਉਹ ਵਿਧਾਨ ਸਭਾ ਦੀ ਕਾਰਵਾਈ ਦਾ ਬਾਈਕਾਟ ਕਰੇਗਾ | ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਤੱਕ ਮਾਨ ਸਦਨ ਵਿਚ ਰਹਿਣਗੇ, ਉਹ ਸਦਨ ਦੀ ਕਾਰਵਾਈ ਵਿਚ ਹਿੱਸਾ ਨਹੀਂ ਲੈਣਗੇ | ਮੁਆਫੀ ਮੰਗਣ ਤੋਂ ਬਾਅਦ ਹੀ ਹਿੱਸਾ ਲੈਣਗੇ |
ਬਾਜਵਾ ਤੇ ਮਾਨ ਵਿਚਾਲੇ ਸੋਮਵਾਰ ਤਿੱਖੀ ਬਹਿਸ ਹੋਈ ਸੀ | ਬਾਜਵਾ, ਜਿਹੜੇ ਮੰਗਲਵਾਰ ਸਵਾਲਾਂ-ਜਵਾਬਾਂ ਦੇ ਸਮੇਂ ਦੇ ਅੰਤ ‘ਤੇ ਸਦਨ ਵਿਚ ਆਏ, ਨੇ ਕਿਹਾ—ਮੁੱਖ ਮੰਤਰੀ ਨੇ ਸੋਮਵਾਰ ਵਰਤੀ ਗੈਰਪਾਰਲੀਮੈਂਟਰੀ ਭਾਸ਼ਾ ਲਈ ਅਫਸੋਸ ਨਹੀਂ ਪ੍ਰਗਟਾਇਆ | ਅਸੀਂ ਮੰਗਲਵਾਰ ਉਦੋਂ ਤੱਕ ਸਦਨ ਵਿਚ ਰਹਾਂਗੇ, ਜਦੋਂ ਤੱਕ ਮੁੱਖ ਮੰਤਰੀ ਨਹੀਂ ਹੋਣਗੇ | ਉਨ੍ਹਾ ਦੇ ਆਉਣ ‘ਤੇ ਵਾਕਆਊਟ ਕਰ ਜਾਵਾਂਗੇ |
ਮਾਨ ਦੇ ਆਉਣ ਦੇ ਬਾਅਦ ਕਾਂਗਰਸ ਵਿਧਾਇਕ ਵਾਕਆਊਟ ਕਰ ਗਏ | ਹਾਲਾਂਕਿ ਸ਼ੁਰੂ ਵਿਚ ਵਿਧਾਇਕ ਵਾਕਆਊਟ ਕਰਨ ਦੇ ਮੂਡ ‘ਚ ਨਹੀਂ ਸਨ, ਪਰ ਮਾਨ ਨੇ ਟਾਂਚ ਕੀਤੀ—ਤੁਸੀਂ ਵਾਕਆਊਟ ਦਾ ਐਲਾਨ ਕੀਤਾ ਸੀ, ਕੀਤਾ ਕਿਉਂ ਨਹੀਂ? ਇਹ ਸੁਣਦਿਆਂ ਉਹ ਵਾਕਆਊਟ ਕਰ ਗਏ | ਸੁਖਪਾਲ ਖਹਿਰਾ ਸਦਨ ਵਿਚ ਹੀ ਰਹੇ | ਉਨ੍ਹਾ ਸਪੀਕਰ ਤੋਂ ਮੰਗ ਕੀਤੀ ਕਿ ਉਨ੍ਹਾ ਨੂੰ ਉਨ੍ਹਾ ਦੇ ਪਿੰਡ ਦੀ ਜ਼ਮੀਨ ‘ਤੇ ਗੈਰਕਾਨੂੰਨੀ ਕਬਜ਼ੇ ਬਾਰੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦੋਸ਼ਾਂ ਦਾ ਸਪੱਸ਼ਟੀਕਰਨ ਦੇਣ ਦਿੱਤਾ ਜਾਵੇ | ਖਹਿਰਾ ਪ੍ਰੋਟੈੱਸਟ ਕਰਦੇ ਸਪੀਕਰ ਦੀ ਮੇਜ਼ ਕੋਲ ਪੁੱਜ ਗਏ | ਉਨ੍ਹਾ ਦੀ ਮਾਨ ਨਾਲ ਜ਼ਬਾਨੀ ਝੜਪ ਵੀ ਹੋ ਗਈ | ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦਖਲ ਦਿੰਦਿਆਂ ਕਿਹਾ ਕਿ ਉਹ ਖਹਿਰਾ ਨੂੰ ਬੋਲਣ ਦੀ ਆਗਿਆ ਦੇਣਗੇ | ਖਹਿਰਾ ਆਪਣੀ ਸੀਟ ‘ਤੇ ਮੁੜ ਆਏ | ਮੁੱਖ ਮੰਤਰੀ ਨੇ ਫਿਰ ਟਾਂਚ ਕਰ ਦਿੱਤੀ—ਤੁਸੀਂ ਗਏ ਨਹੀਂ?





