ਕੋਟਕਪੂਰਾ (ਰਛਪਾਲ ਭੁੱਲਰ)
‘ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ.) ਏਟਕ ਜਿਲ੍ਹਾ ਫਰੀਦਕੋਟ ਦਾ ਡੈਲੀਗੇਟ ਅਜਲਾਸ ਕੋਠੇ ਗੱਜਣ ਸਿੰਘ ਯਾਦਗਾਰ ਹਾਲ ‘ਚ ਮਨਜੀਤ ਕੌਰ ਨੱਥੇਵਾਲਾ ਅਤੇ ਰਾਮ ਸਿੰਘ ਚੈਨਾ ਦੀ ਪ੍ਰਧਾਨਗੀ ਹੇਠ ਹੋਇਆ | ਸੂਬੇ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਅਤੇ ਜਗਰੂਪ ਸਿੰਘ ਬਤੌਰ ਨਿਗਰਾਨ ਹਾਜ਼ਰ ਹੋਏ | ਯੂਨੀਅਨ ਦਾ ਝੰਡਾ ਲਹਿਰਾਉਣ ਦੀ ਰਸਮ ਬਜ਼ੁਰਗ ਆਗੂ ਗੁਰਮੇਲ ਸਿੰਘ ਲਾਲੇਆਣਾ ਨੇ ਅਦਾ ਕੀਤੀ, ਜਿਸ ਤੋਂ ਬਾਅਦ ਜਥੇਬੰਦੀ ਦੇ ਵਿਛੜੇ ਆਗੂਆਂ ਨੂੰ ਖੜੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ | ਸੂਬਾ ਪ੍ਰਧਾਨ ਨੇ ਉਦਘਾਟਨੀ ਭਾਸ਼ਣ ਦਿੰਦੇ ਹੋਏ ਹਾਜ਼ਰ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ ਅਤੇ ਭਵਿੱਖ ਲਈ ਵਧੀਆ ਆਗੂ ਟੀਮ ਦੀ ਚੋਣ ਕਰਨ ਦਾ ਸੱਦਾ ਦਿੱਤਾ | ਜਥੇਬੰਦੀ ਦੇ ਸੂਬਾਈ ਸਲਾਹਕਾਰ ਜਗਰੂਪ ਨੇ ਕੁੰਜੀਵਤ ਭਾਸ਼ਣ ਦਿੰਦੇ ਹੋਏ ਕਿਹਾ ਕਿ ਨਰੇਗਾ ਕਾਨੂੰਨ ਨੂੰ ਹੋਂਦ ਵਿੱਚ ਆਏ 18 ਸਾਲ ਹੋ ਗਏ ਹਨ, ਪਰ ਇਸ ਦੇ ਮਹੱਤਵ ਅਤੇ ਨਿਯਮਾਂ ਬਾਰੇ ਅਜੇ ਤੱਕ ਵੀ ਪਿੰਡਾਂ ਦੇ ਲੋੜਵੰਦ ਲੋਕਾਂ ਨੂੰ ਜਾਣੂੰ ਨਹੀਂ ਕਰਵਾਇਆ ਜਾ ਸਕਿਆ, ਜਿਸ ਕਰਕੇ ਅਫਸਰਸ਼ਾਹੀ ਇਸ ਸਕੀਮ ਦੇ ਅਮਲ ਵਿੱਚ ਵੱਖ-ਵੱਖ ਤਰ੍ਹਾਂ ਨਾਲ ਮੁਸ਼ਕਲਾਂ ਪੈਦਾ ਕਰ ਰਹੀ ਹੈ | ਉਨਾ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਨਰੇਗਾ ਸਮੇਤ ਲੋਕ-ਪੱਖੀ ਕਾਨੂੰਨਾਂ ਨੂੰ ਕਮਜ਼ੋਰ ਕਰਕੇ ਖਤਮ ਕਰ ਰਹੀ ਹੈ, ਜਿਸ ਕਾਰਨ ਇਸ ਨੂੰ ਸੱਤਾ ਤੋਂ ਲਾਂਭੇ ਕੀਤੇ ਬਿਨਾਂ ਹੁਣ ਤੱਕ ਕੀਤੀਆਂ ਪ੍ਰਾਪਤੀਆਂ ਨੂੰ ਬਚਾਉਣਾ ਮੁਸ਼ਕਲ ਹੋਵੇਗਾ | ਕਾਨਫਰੰਸ ਨੂੰ ਪੈਨਸ਼ਨਰ ਆਗੂ ਅਸ਼ੋਕ ਕੌਸ਼ਲ, ਕਿਸਾਨ ਆਗੂ ਰੇਸ਼ਮ ਸਿੰਘ ਵਾਂਦਰ ਜਟਾਣਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਪੰਜਾਬ ਇਸਤਰੀ ਸਭਾ ਦੇ ਸ਼ਸ਼ੀ ਸ਼ਰਮਾ, ਵਿਦਿਆਰਥੀ ਆਗੂ ਗੁਰਪ੍ਰੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਸਰਕਾਰਾਂ ਦੀਆਂ ਗਰੀਬ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੀ ਜ਼ੋਰਦਾਰ ਨਿਖੇਧੀ ਕੀਤੀ | ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੋਰਾ ਸਿੰਘ ਪਿਪਲੀ ਨੇ ਪਿਛਲੇ ਸਾਲਾਂ ਵਿੱਚ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ |
ਰੇਸ਼ਮ ਸਿੰਘ ਮੱਤਾ, ਕਰਮਜੀਤ ਸਿੰਘ ਪੱਕਾ ਨੇ ਰਿਪੋਰਟ ‘ਤੇ ਬਹਿਸ ‘ਚ ਹਿੱਸਾ ਲਿਆ ਅਤੇ ਸਰਬਸੰਮਤੀ ਨਾਲ ਰਿਪੋਰਟ ਪਾਸ ਹੋਈ | ਬੁਲਾਰਿਆਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ‘ਚ ਫੇਲ੍ਹ ਹੋਈਆਂ ਹਨ | ਨਾ ਤਾਂ ਵਰਕਰਾਂ ਨੂੰ ਪੂਰਾ ਕੰਮ ਦਿੱਤਾ ਜਾਂਦਾ ਹੈ, ਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਂਦਾ ਹੈ ਅਤੇ ਨਾ ਹੀ ਅਰਜ਼ੀਆਂ ਦੀਆਂ ਰਸੀਦਾਂ ਦਿੱਤੀਆਂ ਜਾਂਦੀਆਂ ਹਨ | ‘ਇਕ ਪਿੰਡ ਇੱਕ ਮੇਟ’ ਨੀਤੀ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਇਕ ਮੇਟ ਆਪਣੀ ਮਨਮਰਜ਼ੀ ਅਤੇ ਹਾਕਮ ਪਾਰਟੀ ਦੇ ਇਸ਼ਾਰੇ ‘ਤੇ ਹੀ ਕੰਮ ਕਰਦੇ ਹਨ | ਕੰਮ ਤੇ ਮਜ਼ਦੂਰਾਂ ਦੀ ਹਾਜ਼ਰੀ ਦੀ ਆਨਲਾਈਨ ਦੇ ਨਾਲ ਆਫਲਾਈਨ ਸੁਵਿਧਾ ਵੀ ਉਪਲੱਬਧ ਹੋਵੇ |
ਪੰਜਾਬ ਸਰਕਾਰ ਆਪਣੇ ਬਜਟ ਵਿੱਚ ਨਰੇਗਾ ਵਰਕਰਾਂ ਦੀ ਦਿਹਾੜੀ ‘ਚ ‘ਘੱਟ ਤੋਂ ਘੱਟ ਉਜਰਤ’ ਮੁਤਾਬਕ ਵਾਧਾ ਕਰੇ ਅਤੇ ਬੇਰੁਜ਼ਗਾਰੀ ਭੱਤੇ ਦਾ ਪ੍ਰਬੰਧ ਕਰੇ | ਫਰੀਦਕੋਟ ਅਤੇ ਕੋਟਕਪੂਰਾ ਦੋਹਾਂ ਬਲਾਕਾਂ ਵਿਚ ਬੀ ਡੀ ਪੀ ਓ ਦੀ ਖਾਲੀ ਥਾਂ ‘ਤੇ ਤੁਰੰਤ ਨਿਯੁਕਤੀ ਕਰੇ | ਅਖੀਰ ਵਿਚ ਨਰੇਗਾ ਵਰਕਰਾਂ ਵੱਲੋਂ 29 ਮੈਂਬਰੀ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ | ਨਵੀਂ ਕਮੇਟੀ ਨੇ ਆਪਣੇ ਅਹੁਦੇਦਾਰਾਂ ਦੀ ਚੋਣ ਕੀਤੀ | ਬਲਵੀਰ ਸਿੰਘ ਔਲਖ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਗੋਰਾ ਸਿੰਘ ਪਿਪਲੀ ਨੂੰ ਜ਼ਿਲ੍ਹਾ ਸਕੱਤਰ ਚੁਣਿਆ ਗਿਆ | ਪੱਪੀ ਸਿੰਘ ਢਿਲਵਾਂ ਨੇ ਆਏ ਹੋਏ ਡੈਲੀਗੇਟਾਂ ਤੇ ਆਗੂਆਂ ਦਾ ਧੰਨਵਾਦ ਕੀਤਾ |




