ਪੈਸੇ ਨਾ ਮਿਲੇ ਤਾਂ ਪੰਜਾਬ ਇਸਤਰੀ ਸਭਾ ਤੇ ਨਰੇਗਾ ਯੂਨੀਅਨ ਦਿਨ-ਰਾਤ ਪ੍ਰਦਰਸ਼ਨ ਕਰੇਗੀ

0
320

ਭਿੱਖੀਵਿੰਡ : ਪੰਜਾਬ ਇਸਤਰੀ ਸਭਾ ਵੱਲੋਂ ਪੰਜਾਬ ਪੱਧਰ ‘ਤੇ ਔਰਤਾਂ ਦੇ ਦਿਹਾੜੇ 8 ਮਾਰਚ ਨੂੰ ਸੰਬੰਧਤ ਮਨਾਏ ਜਾ ਰਹੇ ਪੰਦਰਵਾੜੇ ਦੌਰਾਨ ਜ਼ਿਲ੍ਹਾ ਪੱਧਰ ਦਾ ਪ੍ਰੋਗਰਾਮ ਅਲਗੋਂ ਮੰਡੀ ਵਿਖੇ ਹਰਜਿੰਦਰ ਕੌਰ ਅਲਗੋਂ, ਸਰੋਜ ਮਲਹੋਤਰਾ ਤੇ ਗੁਰਮੀਤ ਕੌਰ ਅਲਗੋਂ ਖੁਰਦ ਦੀ ਪ੍ਰਧਾਨਗੀ ਅਧੀਨ ਕਰਵਾਇਆ ਗਿਆ | ਪੰਜਾਬ ਇਸਤਰੀ ਸਭਾ ਦੀ ਸੂਬਾਈ ਸਰਪ੍ਰਸਤ ਨਰਿੰਦਰ ਪਾਲੀ ਤੇ ਸੂਬਾਈ ਜਨਰਲ ਸਕੱਤਰ ਰਜਿੰਦਰ ਪਾਲ ਕੌਰ ਨੇ ਕਿਹਾ ਕਿ ਔਰਤ ਹੀ ਸਮਾਜ ਦੀ ਸਿਰਜਣਹਾਰ ਹੈ | ਮੁੱਢਲੇ ਮਨੁੱਖੀ ਦੌਰ ਵਿੱਚ ਔਰਤ ਸਿਰਫ ਬੱਚੇ ਪੈਦਾ ਕਰਨ ਤੱਕ ਹੀ ਸੀਮਤ ਨਹੀਂ ਸੀ, ਜਿਥੇ ਉਹ ਪਰਵਾਰ ਦੀ ਖੁਰਾਕ ਦਾ ਪ੍ਰਬੰਧ ਕਰਦੀ, ਉਥੇ ਪਰਵਾਰ ਦੀ ਰਖਵਾਲੀ ਵੀ ਸੀ | ਰਖਵਾਲੀ ਖਾਲੀ ਹੱਥ ਨਹੀਂ ਸੀ ਕਰਦੀ, ਉਸ ਵੇਲੇ ਕੁਦਰਤ ‘ਚੋਂ ਜੋ ਵੀ ਉਸ ਨੂੰ ਹਥਿਆਰ ਮਿਲਦਾ, ਉਸ ਨਾਲ ਬਕਾਇਦਾ ਡਿਊਟੀ ਨਾਲ ਰਾਖੀ ਕਰਦੀ ਸੀ | ਉਹ ਯੁੱਗ ਮਾਂ ਦਾ ਸੀ | ਮਾਂ ਹੀ ਮੁਖੀ ਹੁੰਦੀ ਸੀ | ਇਸੇ ਕਰਕੇ ਹੀ ਭਗਤ ਕਬੀਰ, ਬਾਬਾ ਨਾਨਕ ਆਦਿ ਰਿਸ਼ੀਆਂ-ਮੁਨੀਆਂ ਨੇ ਔਰਤ ਨੂੰ ਵਡਿਆਇਆ ਹੈ |
ਤਰਨ ਤਾਰਨ ਜ਼ਿਲ੍ਹੇ ਦੀ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ ਤੇ ਜ਼ਿਲ੍ਹਾ ਖਜ਼ਾਨਚੀ ਕਿਰਨਜੀਤ ਕੌਰ ਵਲਟੋਹਾ ਨੇ ਕਿਹਾ ਕਿ ਅਫਸਰਸਾਹੀ ਨਰੇਗਾ ਦੇ ਕਾਨੂੰਨ ਅਧੀਨ ਜਾਣ ਬੁੱਝ ਕੇ ਕੰਮ ਨਹੀਂ ਦੇ ਰਹੀ | ਜਿਹੜੇ ਨਰੇਗਾ ਕਾਮੇ ਅਧਿਕਾਰੀਆਂ ਨੂੰ ਰਿਸਵਤ ਦੇਂਦੇ ਹਨ, ਉਨ੍ਹਾਂ ਨੂੰ ਕੰਮ ਦੇ ਦਿੱਤਾ ਜਾਂਦਾ ਹੈ, ਬਾਕੀਆਂ ਨੂੰ ਖੱਜਲ-ਖੁਆਰ ਕਰਦੇ ਹਨ | ਪੈਸੇ ਖਾਤਿਆਂ ਵਿੱਚ ਪਾਉਣ ਵਿੱਚ ਵੀ ਬੜੀ ਹੇਰਾਫੇਰੀ ਹੁੰਦੀ ਹੈ | ਜਿਹੜੇ ਕਾਮੇ ਕੰਮ ਕਰਦੇ ਹਨ, ਉਨ੍ਹਾਂ ਨੂੰ ਪੈਸਾ ਨਹੀਂ ਮਿਲਦਾ, ਜਿਹੜੇ ਅਧਿਕਾਰੀਆਂ ਨਾਲ ਮਿਲੇ ਹੁੰਦੇ ਹਨ, ਉਹ ਕੰਮ ਵੀ ਨਹੀਂ ਕਰਦੇ, ਉਨ੍ਹਾਂ ਨੂੰ ਪੈਸੇ ਮਿਲ ਜਾਂਦੇ ਹਨ | ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਪਿੰਡ ਸਾਂਡਪੁਰਾ ਤੋਂ ਸਾਹਮਣੇ ਆਇਆ ਹੈ ਕਿ ਉਥੋਂ ਦਾ ਗਰਾਮ ਸੇਵਕ ਕਹਿੰਦਾ ਸਾਡੇ ਕੋਲ ਕੰਮ ਤਾਂ ਵਾਧੂ ਹੈ, ਪਰ ਅਸੀਂ ਉਸ ਨੂੰ ਕੰਮ ਦੇਣਾ ਹੈ, ਜਿਸ ਬਾਰੇ ਸਾਨੂੰ ਇਲਾਕੇ ਦਾ ਐੱਮ ਐੱਲ ਏ ਕਹੇ ਜਾਂ ਕੋਈ ਆਪ ਪਾਰਟੀ ਆਗੂ | ਉਹ ਗ੍ਰਾਮ ਸੇਵਕ ਕਹਿੰਦਾ ਕਿ ਇਹ ਸਰਕਾਰੀ ਹਦਾਇਤ ਹੈ | ਬੜੀ ਹੈਰਾਨੀ ਹੈ ਕਿ ਮਾੜੀਮੇਘਾ, ਸਾਂਡਪੁਰਾ, ਤਤਲੇ, ਭਗਵਾਨਪੁਰਾ, ਕਲਸੀਆਂ, ਲੱਧੂ ਕਲਾਂ ਤੇ ਖੁਰਦ ਆਦਿ ਕਈ ਪਿੰਡਾਂ ਦੇ ਨਰੇਗਾ ਕਾਮਿਆਂ ਨੇ ਕਈ ਮਹੀਨੇ ਹੋ ਗਏ ਕੰਮ ਕੀਤੇ ਨੂੰ , ਪਰ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ | ਮਾੜੀਮੇਘਾ ਨੇ ਕਿਹਾ ਕਿ ਹਾਲਾਤ ਇਹ ਬਣ ਗਏ ਹਨ ਕਿ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਨੂੰ ਭਿੱਖੀਵਿੰਡ ਬਲਾਕ ਅੱਗੇ ਦਿਨ-ਰਾਤ ਲਗਾਤਾਰ ਪ੍ਰਦਰਸ਼ਨ ਕਰਨਾ ਪਵੇਗਾ | ਪ੍ਰੋਗਰਾਮ ਦੀ ਸਮਾਪਤੀ ‘ਤੇ ਮਹਿੰਗਾਈ ਤੇ ਨਰੇਗਾ ਕੰਮ ਪ੍ਰਾਪਤੀ ਲਈ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ | ਸੀ ਪੀ ਆਈ ਭਿੱਖੀਵਿੰਡ ਬਲਾਕ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ, ਰਛਪਾਲ ਸਿੰਘ ਬਾਠ, ਪੂਰਨ ਸਿੰਘ ਮਾੜੀਮੇਘਾ, ਸੁਖਦੇਵ ਸਿੰਘ ਕਾਲਾ, ਬਲਦੇਵ ਰਾਜ ਭਿੱਖੀਵਿੰਡ, ਟਹਿਲ ਸਿੰਘ ਲੱਧੂ, ਡਾਕਟਰ ਰਸਾਲ ਸਿੰਘ ਪਹੂਵਿੰਡ, ਪਾਲ ਸਿੰਘ ਭਿੱਖੀਵਿੰਡ ਤੇ ਛੋਟੇ ਨੂਰ ਨੇ ਵੀ ਸੰਬੋਧਨ ਕੀਤਾ | ਇਸ ਦੌਰਾਨ ਐਲਾਨ ਕੀਤਾ ਗਿਆ ਕਿ ਨਰੇਗਾ ਅਧੀਨ ਕੀਤੇ ਕੰਮ ਦੇ ਪੈਸੇ ਨਾ ਦਿੱਤੇ ਤਾਂ ਪੰਜਾਬ ਇਸਤਰੀ ਸਭਾ ਤੇ ਨਰੇਗਾ ਯੂਨੀਅਨ ਬਲਾਕ ਦਫਤਰ ਅੱਗੇ ਦਿਨ-ਰਾਤ ਪ੍ਰਦਰਸ਼ਨ ਕਰਨਗੇ |

LEAVE A REPLY

Please enter your comment!
Please enter your name here