ਕੈਪਟਨ ਤੇ ਬਾਦਲਾਂ ਦੇ ਕੁਚੱਜ ਕਾਰਨ ਪੰਜਾਬ ਸਿਰ 3 ਲੱਖ ਕਰੋੜ ਤੋਂ ਵੱਧ ਕਰਜ਼ਾ ਚੜਿ੍ਹਆ : ਬਰਸਟ

0
288

ਸ਼ਾਹਕੋਟ (ਗਿਆਨ ਸੈਦਪੁਰੀ)
ਲੋਕਾਂ ਦੇ ਪਿਆਰ ਨਾਲ ਪੰਜਾਬ ‘ਚ ਬਣੀ ਆਪ ਸਰਕਾਰ ਨੇ ਸਾਧਨਾਂ ਦੀ ਸੀਮਤਾਈ ਦੇ ਬਾਵਜੂਦ ਸਾਫ ਨੀਅਤ ਨਾਲ ਸ਼ੁਰੂ ਕਰਵਾਏ ਕੰਮ ਕਾਮਯਾਬੀ ਨਾਲ ਨੇਪਰੇ ਚੜ੍ਹਾਏ ਹਨ | ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਪ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕੀਤਾ | ਉਹ ਸਥਾਨਕ ਅਨਾਜ ਮੰਡੀ ‘ਚ ਵਿਕਾਸ ਚਰਚਾ ਰੈਲੀ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾ ਕਿਹਾ ਕਿ ਵਿਰੋਧੀਆਂ ਵੱਲੋਂ ਕੰਮਾਂ ਬਾਰੇ ਆਪ ਵੱਲੋਂ ਦਿੱਤੀਆਂ ਗਰੰਟੀਆਂ ਪੂਰੀਆਂ ਨਾ ਹੋ ਸਕਣ ਦੇ ਕੂੜ ਪ੍ਰਚਾਰ ਦੇ ਬਾਵਜੂਦ ਗਰੰਟੀਆਂ ਕਾਮਯਾਬੀ ਨਾਲ ਸਿਰੇ ਲੱਗੀਆਂ ਹਨ | ਔਰਤਾਂ ਦੇ ਹਜ਼ਾਰ ਰੁਪਏ ਵਾਲੀ ਗਰੰਟੀ ਬਾਕੀ, ਜੋ ਨੇੜ ਭਵਿੱਖ ‘ਚ ਪੂਰੀ ਕੀਤੀ ਜਾ ਰਹੀ ਹੈ |
ਬਰਸਟ ਨੇ ਪਿਛਲੀਆਂ ਸਰਕਾਰਾਂ ਦੀ ਪੰਜਾਬ ਪ੍ਰਤੀ ਮਾੜੀ ਪਹੁੰਚ ਰੱਖਣ ਦੀ ਸਖਤ ਸ਼ਬਦਾਂ ‘ਚ ਅਲੋਚਨਾ ਕੀਤੀ |
ਉਨ੍ਹਾ ਕਿਹਾ ਕਿ ਕੈਪਟਨ ਅਤੇ ਬਾਦਲਾਂ ਦੇ ਕੁਚੱਜ ਕਾਰਨ ਪੰਜਾਬ ਸਿਰ ਤਿੰਨ ਲੱਖ ਕਰੋੜ ਤੋਂ ਵੱਧ ਕਰਜ਼ਾ ਚੜ੍ਹ ਗਿਆ | ਬਾਦਲਾਂ ਨੇ ਟੂਰਿਜ਼ਮ ਤੇ ਹੋਰ ਕਈ ਵਿਭਾਗ ਵੇਚ ਦਿੱਤੇ | ਰੁਜ਼ਗਾਰ ਦੇਣ ਦੀ ਬਜਾਏ ਖੋਹਿਆ ਗਿਆ | ਸਭ ਤੋਂ ਵੱਡਾ ਪਾਪ ਇਹ ਕੀਤਾ ਗਿਆ ਕਿ ਕਿਸੇ ਯੋਜਨਾ ਰਹਿਤ ਬਣਾਈਆਂ ਸਕੀਮਾ ‘ਤੇ ਲੋਕਾਂ ਦਾ ਪੈਸਾ ਚਹੇਤਿਆਂ ਨੂੰ ਰਿਓੜੀਆਂ ਵਾਂਗ ਵੰਡਿਆ ਗਿਆ | ਇਨ੍ਹਾਂ ਨੇ ਪੰਜਾਬ ‘ਚ ਗੈਂਗ ਕਲਚਰ ਪੈਦਾ ਕੀਤਾ | ਵੋਟਾਂ ਖਾਤਰ ਧਰਮ ਨੂੰ ਵਰਤਿਆਂ ਗਿਆ | ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਵਾਈ ਗਈ |
ਕਾਂਗਰਸ ਦੀ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਸੀਸਵਾਂ ਫਾਰਮ ਤੋਂ ਬਾਹਰ ਨਹੀਂ ਨਿਕਲੇ | ਭਾਜਪਾ ਦੇ ਹੱਥਾਂ ‘ਚ ਖੇਡਦਿਆਂ ਪੰਜਾਬ ਵਿਰੋਧੀ ਸਕੀਮ ਬਣਾਈਆਂ ਤੇ ਲਾਗੂ ਕੀਤੀਆਂ | ਆੜ੍ਹਤੀ ਐਸੋਸੀਏਸ਼ਨ ਜਲੰਧਰ ਦੇ ਆਗੂ ਕਪਿਲ ਕੁਮਾਰ ਵੱਲੋਂ ਮੰਡੀ ਨਾਲ ਸੰਬੰਧਤ ਰੱਖੀਆਂ ਗਈਆਂ ਮੰਗਾਂ ਬਾਰੇ ਚੇਅਰਮੈਨ ਨੇ ਕਿਹਾ ਕਿ ਮੰਡੀ ਦਫਤਰ ਜਲੰਧਰ ਅਤੇ ਮਾਰਕਿਟ ਕਮੇਟੀ ਸ਼ਾਹਕੋਟ ਦੇ ਅਧਿਕਾਰੀਆਂ ਦੀ ਸਲਾਹ ਨਾਲ ਨਵੀਂ ਮੰਡੀ ਬਣਾਉਣ ਸੰਬੰਧੀ ਕੇਸ ਤਿਆਰ ਕਰਕੇ ਭੇਜਿਆ ਜਾਵੇ | ਉਨ੍ਹਾ ਭੋਰਸਾ ਦਿਵਾਇਆ ਕਿ ਨਵੀਂ ਅਨਾਜ ਮੰਡੀ ਦੀ ਸਥਾਪਨਾ ਕਰਵਾਈ ਜਾਵੇਗੀ | ਉਨ੍ਹਾ ਗੁਪਤਾ ਵੱਲੋਂ ਰੱਖੀਆਂ ਗਈਆਂ ਬਾਕੀ ਮੰਗਾਂ ‘ਤੇ ਅਮਲ ਕਰਨ ਦਾ ਵੀ ਭਰੋਸਾ ਦਿੱਤਾ |
ਜਲੰਧਰ ਦੀ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਬਰਸਟ ਨੇ ਕਿਹਾ ਕਿ ਆਪ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ | ਵਿਕਾਸ ਕਾਰਜਾਂ ਲਈ ਪ੍ਰੋਜੈਕਟ ਰਿਪੋਰਟ ਲਿਆਓ ਤੇ ਦੂਸਰੇ ਦਿਨ ਚੈੱਕ ਪ੍ਰਾਪਤ ਕਰੋ | ਆਪ ਆਗੂ ਨੇ ਕੁਝ ਸ਼ਕਤੀਆਂ ਵੱਲੋਂ ਪੰਜਾਬ ਦਾ ਮਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਦੇ ਲੋਕ ਅਜਿਹੀਆਂ ਸ਼ਕਤੀਆਂ ਨੂੰ ਸਫਲ ਨਹੀਂ ਹੋਣ ਦੇਣਗੇ |
ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਨੇ ਆਸ ਨਾਲੋਂ ਵੱਧ ਇਕੱਤਰਤਾ ਹੋਈ ਵੇਖ ਕੇ ਗਦਗਦ ਹੁੰਦਿਆਂ ਕਿਹਾ ਕਿ ਇੱਥੋਂ ਦੇੇ ਲੋਕ ਜਲੰਧਰ ਦੀ ਜ਼ਿਮਨੀ ਚੋਣ ਆਪ ਦੀ ਝੋਲੀ ‘ਚ ਪਾ ਚੁੱਕੇ ਹਨ | ਉਨ੍ਹਾ ਹਲਕੇ ਦੇ ਨੁਮਾਇੰਦੇ ਰਹੇ ਸਵਰਗੀ ਅਜੀਤ ਸਿੰਘ ਕੋਹਾੜ ਅਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਹਲਕੇ ਅੰਦਰ ਪਰਵਾਰਾਂ ਦੀਆਂ ਆਪਸੀ ਸਾਂਝਾਂ ਤੋੜਦੇ ਸਨ, ਜਦ ਕਿ ਮੈਂ ਮਜ਼ਬੂਤ ਕਰਦਾ ਹਾਂ | ਵਿਕਾਸ ਚਰਚਾ ਰੈਲੀ ਨੂੰ ਆਪ ਆਗੂ ਹਰਜਿੰਦਰ ਸਿੰਘ ਸੀਚੇਵਾਲ, ਜਸਵੀਰ ਸਿੰਘ ਜਲਾਲਪੁਰੀ, ਸਿਮਰਨਜੀਤ ਕੌਰ, ਸਤਨਾਮ ਸਿੰਘ ਲੋਹਗੜ੍ਹ, ਬਲਬੀਰ ਸਿੰਘ ਢੰਡੋਵਾਲ ਅਤੇ ਗੁਰਮੱਖ ਸਿੰਘ ਕੋਟਲਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ ਸਾਹੀ ਅਤੇ ਮਾਰਕਿਟ ਕਮੇਟੀ ਸ਼ਾਹਕੋਟ ਦੇ ਸਕੱਤਰ ਤਜਿੰਦਰ ਕੁਮਾਰ ਦੀ ਅਗਵਾਈ ‘ਚ ਸਮੁੱਚੇ ਸਟਾਫ ਨੇ ਚੇਅਰਮੈਨ ਬਰਸਟ ਦਾ ਬੁੱਕੇ ਭੇਟ ਕਰਕੇ ਸਵਾਗਤ ਕੀਤਾ | ਇਸੇ ਤਰਾਂ ਮੰਡੀ ਕਮੇਟੀ ਸ਼ਾਹਕੋਟ ਦੇ ਅਹੁਦੇਦਾਰਾਂ ਨੇ ਚੇਅਰਮੈਨ ਨੂੰ ਲੋਈ ਨਾਲ ਸਨਮਾਨਤ ਕੀਤਾ | ਇਸ ਮੌਕੇ ਹਲਕੇ ਦੀਆਂ ਦਰਜਨਾਂ ਪੰਚਾਇਤਾਂ ਆਪ ‘ਚ ਸ਼ਾਮਲ ਹੋਈਆਂ | ਸਟੇਜ ਸੰਚਾਲਨ ਮਾਸਟਰ ਗੁਰਪਾਲ ਸਿੰਘ ਕਿਲੀਵਾੜਾ ਅਤੇ ਬਲਜੀਤ ਸਿੰਘ ਹੇਰਾਂ ਨੇ ਸਾਂਝੇ ਤੌਰ ‘ਤੇ ਕੀਤਾ | ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਵੇਅਰ ਹਾਊਸ ਦੀ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਚੇਅਰਮੈਨ ਮੰਗਲ ਸਿੰਘ ਬਾਸੀ, ਕੰਵਲਜੀਤ ਸਿੰਘ ਲਾਲੀ, ਨਿਰਮਲ ਸਿੰਘ ਮੱਲ੍ਹ, ਬੂਟਾ ਸਿੰਘ ਕਲਸੀ, ਪ੍ਰਮਿੰਦਰ ਸਿੰਘ ਪੀ ਏ, ਮਨੋਜ ਅਰੋੜਾ, ਬਲਜਿੰਦਰ ਸਿੰਘ ਖਿੰਡਾ, ਰੂਪ ਲਾਲ ਸ਼ਰਮਾ, ਕੁਲਦੀਪ ਦੀਦ, ਡਾ. ਵਿਲੀਅਮ ਜੌਨ, ਰਮੇਸ਼ ਹੰਸ, ਕਾਲੀ ਪ੍ਰਧਾਨ, ਮਨਦੀਪ ਸਿੰਘ ਝੀਤਾ, ਮਨੋਹਰ ਸਿੰਘ ਬੁੱਢਣਵਾਲ, ਨਿਰਮਲ ਸਿੰਘ ਸਰਾਭਾ, ਜਸਵਿੰਦਰ ਸਿੰਘ ਸਲੈਚਾਂ, ਰਜਿੰਦਰ ਸਿੰਘ ਸ਼ੇਰਾ, ਮਾਸਟਰ ਕੁਲਵਿੰਦਰ ਸਿੰਘ, ਬਲਜੀਤ ਸਿੰਘ ਗੱਬਰ, ਪਰਮਜੀਤ ਸਿੰਘ ਪੰਮਾ ਤੇ ਕੇਵਲ ਕਿ੍ਸ਼ਨ ਮੱਟੂ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here