ਕੈਲੀਫੋਰਨੀਆ : ਅਮਰੀਕਾ ਦਾ 16ਵਾਂ ਸਭ ਤੋਂ ਵੱਡਾ ਬੈਂਕ ਸਿਲੀਕਾਨ ਵੈਲੀ ਬੈਂਕ ਨੂੰ ਰੈਗੂਲੇਟਰਾਂ ਨੇ ਬੰਦ ਕਰਨ ਦਾ ਆਦੇਸ਼ ਦਿੱਤਾ ਹੈ | ਇਹ ਜਾਣਕਾਰੀ ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਨੇ ਦਿੱਤੀ | ਬੈਂਕ ਬੰਦ ਹੋਣ ਤੋਂ ਬਾਅਦ ਇਕ ਵਾਰ ਫਿਰ ਅਮਰੀਕਾ ਬੈਂਕਿੰਗ ਸੰਕਟ ਦੇ ਕੰਢੇ ਹੈ | ਅਮਰੀਕਾ ਦਾ ਬੈਂਕ ਇੱਕ ਵਾਰ ਫਿਰ ਗੰਭੀਰ ਵਿੱਤੀ ਸੰਕਟ ‘ਚ ਘਿਰ ਗਿਆ ਹੈ | ਬੈਂਕ ਦੀ ਮੂਲ ਕੰਪਨੀ ਐੱਸ ਵੀ ਬੀ ਫਾਇਨੈਂਸ਼ੀਅਲ ਗਰੁੱਪ ਦੇ ਸ਼ੇਅਰਾਂ ‘ਚ 9 ਮਾਰਚ ਨੂੰ ਕਰੀਬ 60 ਫੀਸਦੀ ਦੀ ਗਿਰਾਵਟ ਆਈ | ਇਸ ਤੋਂ ਬਾਅਦ ਇਸ ਨੂੰ ਕਾਰੋਬਾਰ ਲਈ ਰੋਕ ਦਿੱਤਾ ਗਿਆ | ਇਹ ਅਮਰੀਕਾ ਦੇ ਇਤਿਹਾਸ ‘ਚ 2008 ਦੇ ਵਿੱਤੀ ਸੰਕਟ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ | ਰਿਪੋਰਟਾਂ ਮੁਤਾਬਕ ਐੱਸ ਵੀ ਬੀ ਦੇ ਸ਼ੇਅਰ ਡਿੱਗਣ ਕਾਰਨ ਪਿਛਲੇ 2 ਦਿਨਾਂ ‘ਚ ਅਮਰੀਕੀ ਬੈਂਕਾਂ ਨੂੰ ਸਟਾਕ ਮਾਰਕੀਟ ‘ਚ 100 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ | ਉਥੇ ਯੂਰਪੀਅਨ ਬੈਂਕਾਂ ਨੂੰ 50 ਅਰਬ ਡਾਲਰ ਦਾ ਘਾਟਾ ਹੋਇਆ ਹੈ | ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਨੇ ਸ਼ੁੱਕਰਵਾਰ ਨੂੰ ਸਿਲੀਕਾਨ ਵੈਲੀ ਬੈਂਕ ਟੇਕਓਵਰ ਕਰਨ ਦਾ ਐਲਾਨ ਕੀਤਾ | ਇਸ ਦੇ ਨਾਲ ਹੀ ਉਸ ਨੂੰ ਗਾਹਕਾਂ ਦਾ ਪੈਸਾ ਸੁਰੱਖਿਅਤ ਰੱਖਣ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ | ਸਿਲੀਕਾਨ ਬੈਂਕ ਹੁਣ 13 ਮਾਰਚ ਨੂੰ ਖੁੱਲ੍ਹੇਗਾ |
ਬੈਂਕ ਕੋਲ 2022 ਦੇ ਅਖੀਰ ਤੱਕ 209 ਅਰਬ ਡਾਲਰ ਦੀ ਜਾਇਦਾਦ ਅਤੇ 175.4 ਅਰਬ ਡਾਲਰ ਦੀ ਜਮ੍ਹਾਂ ਰਾਸ਼ੀ ਸੀ | ਇਸ ‘ਚ 89 ਫੀਸਦੀ ਰਕਮ ਦਾ ਬੀਮਾ ਨਹੀਂ ਕੀਤਾ ਗਿਆ | ਗਾਹਕਾਂ ਦੀ 2,50,000 ਡਾਲਰ (2.5 ਕਰੋੜ ਰੁਪਏ) ਤੱਕ ਦੀ ਜਮ੍ਹਾਂ ਰਾਸ਼ੀ ਨੂੰ ਐੱਫ ਡੀ ਆਈ ਸੀ ਇੰਸ਼ੋਰੈਂਸ ‘ਚ ਕਵਰ ਕੀਤਾ ਗਿਆ ਹੈ | ਮਤਲਬ ਬੈਂਕ ਬੰਦ ਤੋਂ ਬਾਅਦ ਵੀ ਇਹ ਪੈਸਾ ਗਾਹਕਾਂ ਨੂੰ ਵਾਪਸ ਮਿਲ ਜਾਵੇਗਾ | ਸਿਲੀਕਾਨ ਵੈਲੀ ਬੈਂਕ ਜਿਆਦਾਤਰ ਸਟਾਰਟਅੱਪ ਕੰਪਨੀਆਂ ਨੂੰ ਫੰਡ ਦਿੰਦਾ ਸੀ | ਇਸ ਦੇ ਨਾਲ ਬੈਂਕ ਨੇ ਯੂ ਐਸ ਬਾਂਡ ਵਿਚ ਆਪਣਾ ਜਿਆਦਾਤਰ ਨਿਵੇਸ਼ ਕੀਤਾ ਸੀ | ਅਮਰੀਕੀ ਕੇਂਦਰੀ ਬੈਂਕ, ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਵਾਧੇ ਕਾਰਨ ਬਾਂਡਸ ਦੀ ਵੈਲਿਊ ਘੱਟ ਹੋ ਗਈ |
ਦੂਜੇ ਪਾਸੇ ਮਹਿੰਗਾਈ ਵਧਣ ਅਤੇ ਹੋਰ ਕਾਰਨਾਂ ਕਰਕੇ ਸਟਾਰਟਅੱਪ ਫੰਡਿੰਗ ਘਟਣ ਲੱਗੀ ਤੇ ਇਸ ਕਾਰਨ ਵੱਡੀ ਮਾਤਰਾ ‘ਚ ਗਾਹਕ ਬੈਂਕਾਂ ‘ਚੋਂ ਪੈਸੇ ਕਢਵਾਉਣ ਲੱਗੇ | ਬੈਂਕ ਨੂੰ ਸਾਰੇ ਗਾਹਕਾਂ ਦਾ ਭੁਗਤਾਨ ਕਰਨ ਲਈ ਘਾਟੇ ‘ਤੇ ਆਪਣੇ ਬਾਂਡ ਵੇਚਣੇ ਪਏ | ਬੈਂਕ ਨੇ ਦੱਸਿਆ ਕਿ ਇਸ ਕਾਰਨ ਉਸ ਨੂੰ ਕਰੀਬ ਦੋ ਅਰਬ ਡਾਲਰ ਦਾ ਨੁਕਸਾਨ ਹੋਇਆ ਹੈ |



