ਨਵੀਂ ਦਿੱਲੀ : ਕ੍ਰਾਈਸਟਚਰਚ ‘ਚ ਨਿਊਜ਼ੀਲੈਂਡ ਦੀ ਸ੍ਰੀਲੰਕਾ ‘ਤੇ ਦੋ ਵਿਕਟਾਂ ਨਾਲ ਜਿੱਤ ਦੇ ਸਦਕਾ ਭਾਰਤੀ ਕਿ੍ਕਟ ਟੀਮ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ | ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਭਾਰਤ ਅਤੇ ਆਸਟਰੇਲੀਆ 7 ਜੂਨ ਤੋਂ ਲੰਡਨ ਦੇ ਓਵਲ ਮੈਦਾਨ ‘ਚ ਭਿੜਨਗੇ | ਟੂਰਨਾਮੈਂਟ ਦੇ ਟੇਬਲ ਵਿਚ ਆਸਟਰੇਲੀਆ ਟਾਪ ‘ਤੇ ਰਿਹਾ, ਜਦਕਿ ਭਾਰਤ ਨੇ ਦੂਜੇ ਨੰਬਰ ‘ਤੇ ਰਹਿ ਕੇ ਫਾਈਨਲ ‘ਚ ਥਾਂ ਪੱਕੀ ਕੀਤੀ | ਭਾਰਤ ਨੇ ਇਸ ਤੋਂ ਪਹਿਲਾਂ 2021 ਵਿਚ ਫਾਈਨਲ ਖੇਡਿਆ ਸੀ ਤੇ ਨਿਊਜ਼ੀਲੈਂਡ ਹੱਥੋਂ 8 ਵਿਕਟਾਂ ਨਾਲ ਹਾਰ ਗਿਆ ਸੀ | ਸ੍ਰੀਲੰਕਾ ਦੇ ਨਿਊਜ਼ੀਲੈਂਡ ਹੱਥੋਂ ਪਹਿਲਾ ਟੈਸਟ ਹਾਰਨ ਕਰਕੇ ਭਾਰਤ ਨੂੰ ਇਹ ਫਾਇਦਾ ਹੋਇਆ ਕਿ ਉਸ ਦੇ 48.48 ਅੰਕ ਰਹਿ ਗਏ ਹਨ | ਜੇ ਉਹ ਨਿਊਜ਼ੀਲੈਂਡ ਵਿਰੁੱਧ ਲੜੀ 1-0 ਨਾਲ ਜਿੱਤ ਵੀ ਲੈਂਦਾ ਹੈ ਤਾਂ ਵੀ ਉਸ ਦੇ ਭਾਰਤ ਜਿੰਨੇ ਅੰਕ ਨਹੀਂ ਹੋਣਗੇ | ਉਧਰ ਆਸਟਰੇਲੀਆ ਅਤੇ ਭਾਰਤ ਵਿਚਾਲੇ ਬਾਰਡਰ-ਗਾਵਸਕਰ ਸੀਰੀਜ਼ ਦਾ ਚੌਥਾ ਅਤੇ ਆਖਰੀ ਟੈਸਟ ਮੈਚ ਅੱਜ ਅਹਿਮਦਾਬਾਦ ‘ਚ ਡਰਾਅ ਰਿਹਾ ਅਤੇ ਭਾਰਤ ਨੇ ਚਾਰ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ | ਮੈਚ ਦੇ ਆਖਰੀ ਦਿਨ ਪਿੱਚ ਗੇਂਦਬਾਜ਼ਾਂ ਦੀ ਮਦਦ ਨਹੀਂ ਕਰ ਸਕੀ ਅਤੇ ਪਹਿਲੀ ਪਾਰੀ ‘ਚ 91 ਦੌੜਾਂ ਪਿੱਛੇ ਚੱਲ ਰਹੀ ਆਸਟਰੇਲੀਆ ਨੇ ਆਪਣੀ ਦੂਜੀ ਪਾਰੀ ‘ਚ ਦੋ ਵਿਕਟਾਂ ‘ਤੇ 175 ਦੌੜਾਂ ਬਣਾਈਆਂ | ਲਾਬੂਸੇਨ 63 ਅਤੇ ਸਮਿਥ 10 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਸਨ, ਜਦੋਂ ਦੋਵੇਂ ਕਪਤਾਨ ਮੈਚ ਨੂੰ ਖਤਮ ਕਰਨ ਲਈ ਸਹਿਮਤ ਹੋਏ |


