ਜਲੰਧਰ : ਫਾਸ਼ੀ ਹਮਲੇ ਵਿਰੋਧੀ ਫਰੰਟ ਦੀ ਮੀਟਿੰਗ ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕਰੇਸੀ ਦੇ ਆਗੂ ਅਜਮੇਰ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ, ਜਿਸ ‘ਚ ਸੀ ਪੀ ਆਈ ਦੇ ਸੂਬਾਈ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਆਰ ਐੱਮ ਪੀ ਆਈ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ, ਐੱਮ ਸੀ ਪੀ ਆਈ ਯੂ ਦੇ ਮੰਗਤ ਰਾਮ ਲੌਂਗੋਵਾਲ, ਇਨਕਲਾਬੀ ਕੇਂਦਰ ਦੇ ਕੰਵਲਜੀਤ ਖੰਨਾ ਤੇ ਗੁਰਨਾਮ ਸਿੰਘ ਦਾਊਦ ਸ਼ਾਮਲ ਸਨ | ਫਰੰਟ ਵਿੱਚ ਯੂ ਸੀ ਪੀ ਆਈ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੀ ਸ਼ਾਮਲ ਹੈ |
ਮੀਟਿੰਗ ‘ਚ ਵਿਚਾਰ-ਚਰਚਾ ਕੀਤੀ ਗਈ ਕਿ ਮੋਦੀ ਸਰਕਾਰ ਫਾਸ਼ੀਵਾਦੀ ਨੀਤੀ ‘ਤੇ ਲਗਾਤਾਰ ਅਮਲ ਕਰਦੀ ਜਾ ਰਹੀ ਹੈ | ਸਰਕਾਰ ਨੂੰ ਇਹ ਤਾਂ ਫ਼ਿਕਰ ਨਹੀਂ ਕਿ ਮਹਿੰਗਾਈ ਨੇ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਹੈ ਤੇ ਮਹਿੰਗਾਈ ਘੱਟ ਕੀਤੀ ਜਾਵੇ, ਪਰ ਮੋਦੀ ਨੂੰ ਇਹ ਫਿਕਰ ਹੈ ਕਿ ਦੇਸ਼ ਵਿੱਚ ਭਰਾ-ਮਾਰੂ ਜੰਗ ਕਰਾਉਣੀ ਜ਼ਰੂਰੀ ਹੈ, ਜਿਸ ਨਾਲ ਦੇਸ਼ ‘ਚੋਂ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨ ਹਿੰਦੁਸਤਾਨ ਨੂੰ ਛੱਡ ਜਾਣ ਤੇ ਹਿੰਦੁਸਤਾਨ ਸਿਰਫ਼ ਇੱਕ ਫ਼ਿਰਕੇ ਦਾ ਬਣ ਕੇ ਰਹਿ ਜਾਵੇ | ਮੋਦੀ ਸਰਕਾਰ ਦੀ ਇਸ ਘਾਤਕ ਨੀਤੀ ਵਿਰੁੱਧ ਫਾਸ਼ੀ ਹਮਲੇ ਵਿਰੋਧੀ ਫਰੰਟ ਨੇ 26 ਜੂਨ 1975 ਨੂੰ ਲੱਗੀ ਐਮਰਜੈਂਸੀ ਦੇ ਵਿਰੋਧ ‘ਚ ਵਿਰੋਧੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ | ਹੁਣ ਦੇ ਹਾਲਾਤ ਐਮਰਜੈਂਸੀ ਤੋਂ ਵੀ ਘਾਤਕ ਹਨ, ਕਿਉਂਕਿ ਮੋਦੀ ਸਰਕਾਰ ਨੇ ਲੋਕ ਵਿਰੋਧੀ ਕਾਨੂੰਨ ਬਣਾ ਕੇ ਕਈ ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਆਮ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ | ਉਨ੍ਹਾਂ ਨੂੰ ਰਿਹਾਅ ਕਰਨ ਦੀ ਥਾਂ ਉਨ੍ਹਾਂ ਤੇ ਜ਼ੁਲਮ ਕੀਤਾ ਜਾ ਰਿਹਾ ਹੈ | ਇਨ੍ਹਾਂ ਪ੍ਰਸਥਿਤੀਆਂ ਵਿੱਚ 26 ਜੂਨ ਨੂੰ ਪੰਜਾਬ ਭਰ ‘ਚ ਜ਼ਿਲ੍ਹਾ ਤੇ ਤਹਿਸੀਲ ਪੱਧਰ ‘ਤੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਲੋਕਾਂ ਨੂੰ ਦੱਸਿਆ ਜਾਵੇਗਾ ਐਮਰਜੈਂਸੀ ਲੱਗਣ ਨਾਲ ਕਿੰਨਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ | ਇਸ ਤੋਂ ਇਲਾਵਾ ਅਕਤੂਬਰ ਮਹੀਨੇ ਵਿੱਚ ਪੰਜਾਬ ਪੱਧਰ ਦੀ ਮਹਾਂ ਰੈਲੀ ਕੀਤੀ ਜਾਵੇਗੀ |
ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਅੰਮਿ੍ਤਸਰ ਦਿਹਾਤੀ ਜ਼ਿਲ੍ਹੇ ਦੀ ਤਹਿਸੀਲ ਮਜੀਠਾ ਦੇ ਪਿੰਡ ਭੈਣੀ ਸਿਧਵਾਂ ਵਿਖੇ ਪਿੰਡ ਦੇ ਖੱਬੀਖਾਨਾਂ ਭਾਵ ਤਕੜੇ ਜ਼ਿਮੀਂਦਾਰਾਂ ਨੇ ਇੱਕ ਗਰੀਬ ਮਜ਼ਦੂਰ ਨੂੰ ਜ਼ਬਰਦਸਤੀ ਚੁੱਕਿਆ ਤੇ ਪਿੰਡ ਕੋਟਲਾ ਸੁਲਤਾਨ ਵਿਖੇ ਕੁੱਟਮਾਰ ਕਰਕੇ ਪਿੰਡ ਦੇ ਚੁਰਾਹੇ ਵਿੱਚ ਰੁੱਖ ਨਾਲ ਪੁੱਠਾ ਲਮਕਾ ਦਿੱਤਾ | ਜਦੋਂ ਉਹ ਬੇਹੋਸ਼ ਹੋਇਆ ਤੇ ਫੇਰ ਉਸ ਨੂੰ ਥੱਲੇ ਲਾਹਿਆ ਗਿਆ | ਇਹ ਅਤਿ ਨਿੰਦਣਯੋਗ ਘਟਨਾ ਹੈ | ਪੰਜਾਬ ਪੁਲਸ ਗੁਨਾਹਗਾਰਾਂ ਨੂੰ ਫੜ ਨਹੀਂ ਰਹੀ | ਦੂਜੇ ਮਤੇ ਵਿੱਚ ਮੋਦੀ ਸਰਕਾਰ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਹੜੱਪਣ ਦੀ ਕੋਸ਼ਿਸ਼ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ | ਇਹ ਯੂਨੀਵਰਸਿਟੀ ਪਾਕਿਸਤਾਨ ਬਣਨ ਕਰਕੇ ਲਾਹੌਰ ਤੋਂ ਬਦਲ ਕੇ ਚੰਡੀਗੜ੍ਹ ਆਈ ਸੀ | ਇਸ ਨੂੰ ਬਣਾਉਣ ਵਿਚ ਪੰਜਾਬੀਆਂ ਦਾ ਮੁੱਖ ਰੋਲ ਹੈ | ਇਸ ਯੂਨੀਵਰਸਿਟੀ ਨਾਲ 200 ਦੇ ਕਰੀਬ ਕਾਲਜ ਜੁੜੇ ਹਨ |
ਯੂਨੀਵਰਸਿਟੀ ਨੂੰ ਕੇਂਦਰ ਦੇ ਅਧੀਨ ਕਰਨ ਵਿਰੁੱਧ ਪਿਛਲੇ ਦਿਨੀਂ ਵਿਦਿਆਰਥੀ ਜਥੇਬੰਦੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਪੁਲਸ ਨਾਲ ਟੱਕਰ ਵੀ ਹੋਈ | ਮੀਟਿੰਗ ਵਿੱਚ ਜ਼ੋਰ ਦਿੱਤਾ ਗਿਆ ਕਿ ਕੇਂਦਰ ਦੀ ਮੋਦੀ ਸਰਕਾਰ ਇਹ ਨਾਦਰਸ਼ਾਹੀ ਹੁਕਮ ਵਾਪਸ ਲਵੇ | ਇਸੇ ਤਰ੍ਹਾਂ ਪਿਛਲੀ ਦਿਨਾਂ ਵਿੱਚ ਜੰਮੂ-ਕਸ਼ਮੀਰ ‘ਚ ਹਿੰਦੂ ਪੰਡਤਾਂ ਦੇ ਹੋਏ ਕਤਲਾਂ ਦੀ ਪੁਰਜ਼ੋਰ ਨਿੰਦਾ ਕੀਤੀ ਗਈ |




