ਪੰਜਾਬ ‘ਵਰਸਿਟੀ ‘ਤੇ ਕੇਂਦਰ ਦਾ ਕਬਜ਼ਾ ਨਹੀਂ ਹੋਣ ਦੇਵਾਂਗੇ : ਕੰਗ

0
348

ਜਲੰਧਰ (ਸ਼ੈਲੀ ਐਲਬਰਟ)
‘ਆਪ’ ਦੇ ਪ੍ਰਮੱੁਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਐਤਵਾਰ ਜਾਰੀ ਬਿਆਨ ਵਿਚ ਮੋਦੀ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਕੋਲੋਂ ਖੋਹਣ ਲਈ ਕੀਤੇ ਜਾ ਰਹੇ ਯਤਨਾਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ‘ਤੇ ਪੰਜਾਬ ਸੂਬੇ ਦਾ ਸੰਵਿਧਾਨਕ, ਜਜ਼ਬਾਤੀ ਅਤੇ ਇਤਿਹਾਸਕ ਹੱਕ ਹੈ | ਇਹ ਸਾਡੀ ਸ਼ਾਨਦਾਰ ਅਤੇ ਗੌਰਵਮਈ ਵਿਰਾਸਤ ਹੈ | ਇਸ ਨੇ ਖੋਜ, ਖੇਡਾਂ, ਵਿਦਿਅਕ ਅਤੇ ਰਾਜਨੀਤਕ ਖੇਤਰਾਂ ‘ਚ ਸ਼ਾਨਦਾਰ ਉਪਲੱਬਧੀਆਂ ਪ੍ਰਾਪਤ ਕੀਤੀਆਂ ਹਨ | ਪੰਜਾਬ ਦੀਆਂ ਵਿਰਾਸਤਾਂ ਅਤੇ ਹੱਕਾਂ ਦੀ ਰੱਖਿਆ ਬਾਰੇ ਆਮ ਆਦਮੀ ਪਾਰਟੀ ਕੋਈ ਸਮਝੌਤਾ ਨਹੀਂ ਕਰੇਗੀ | ਇਸ ਨੂੰ ਬਚਾਉਣ ਲਈ ਸੜਕ ਤੋਂ ਸੰਸਦ ਤੱਕ ਸੰਘਰਸ਼ ਕਰੇਗੀ | ਕੰਗ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਾਂਝੇ ਤੇ ਮਹਾਂਪੰਜਾਬ ਦੀ ਵਿਰਾਸਤ ਹੈ ਅਤੇ ਇਸ ਸੰਸਥਾ ਨੇ ਵਿਸ਼ਵ ਪੱਧਰ ‘ਤੇ ਨਾਮਣਾ ਖੱਟਿਆ ਹੈ | ਪੰਜਾਬ ਯੂਨੀਵਰਸਿਟੀ ਉਤੇ ਕੇਵਲ ਤੇ ਕੇਵਲ ਪੰਜਾਬ ਦਾ ਹੱਕ ਹੈ ਅਤੇ ਕੋਈ ਵੀ ਕੇਂਦਰ ਸਰਕਾਰ ਇਸ ਵਿਰਾਸਤ ਨੂੰ ਪੰਜਾਬ ਤੋਂ ਖੋਹ ਨਹੀਂ ਸਕਦੀ | ‘ਆਪ’ ਆਗੂ ਨੇ ਭਾਜਪਾ ਸਮੇਤ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ‘ਤੇ ਪੰਜਾਬ ਦੇ ਹੱਕਾਂ ‘ਤੇ ਡਾਕੇ ਮਾਰਨ ਅਤੇ ਵਿਰਾਸਤਾਂ ਨੂੰ ਬਰਬਾਦ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ‘ਤੇ ਲੰਮਾ ਸਮਾਂ ਰਾਜ ਕਰਨ ਵਾਲੀਆਂ ਇਨ੍ਹਾਂ ਪਾਰਟੀਆਂ ਨੇ ਸੂਬੇ ਦੀਆਂ ਸਾਰੀਆਂ ਮਹਾਨ ਯੂਨੀਵਰਸਿਟੀਆਂ ਨੂੰ ਬਰਬਾਦ ਕਰ ਦਿੱਤਾ ਹੈ |
ਜਾਣਬੁੱਝ ਕੇ ਆਰਥਕ ਤੌਰ ‘ਤੇ ਕਮਜ਼ੋਰ ਕੀਤੀ ਗਈ ਪੰਜਾਬ ਯੂਨੀਵਰਸਿਟੀ ‘ਤੇ ਹੁਣ ਮੋਦੀ ਸਰਕਾਰ ਇੱਕ ਸਾਜ਼ਿਸ਼ ਤਹਿਤ ਕਬਜ਼ਾ ਕਰਨਾ ਚਾਹੁੰਦੀ ਹੈ, ਤਾਂ ਜੋ ਪੰਜਾਬ ਦੀ ਵਿਲੱਖਣਤਾ ਅਤੇ ਚੜ੍ਹਦੀ ਕਲਾ ਦੇ ਜਜ਼ਬੇ ਨੂੰ ਖ਼ਤਮ ਕੀਤਾ ਜਾ ਸਕੇ |

LEAVE A REPLY

Please enter your comment!
Please enter your name here