ਮੋਗਾ (ਅਮਰਜੀਤ ਸਿੰਘ ਬਬਰੀ)
ਕੁੱਲ ਹਿੰਦ ਕਿਸਾਨ ਸਭਾ ਜਿਲ੍ਹਾ ਮੋਗਾ ਵੱਲੋਂ ਪਿੰਡ ਵਾਂਦਰ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਕਿਸਾਨ ਆਗੂ ਗੁਰਮੀਤ ਵਾਂਦਰ ਦੀ ਅਗਵਾਈ ‘ਚ ‘ਕਿਸਾਨ ਕਾਨਫਰੰਸ’ ਕੀਤੀ ਗਈ, ਜਿਸਨੂੰ ਸੰਬੋਧਨ ਕਰਨ ਲਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸੂਬਾਈ ਸਲਾਹਕਾਰ ਸਾਥੀ ਜਗਰੂਪ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕੁਲਦੀਪ ਭੋਲਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਸੂਰਤ ਧਰਮਕੋਟ, ਸਰਵ ਭਾਰਤ ਨੌਜਵਾਨ ਸਭਾ ਦੀ ਸੂਬਾਈ ਆਗੂ ਕਰਮਵੀਰ ਬੱਧਨੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਾਥੀ ਜਗਰੂਪ ਨੇ ਕਿਹਾ ਕਿ ਅਜੋਕਾ ਖੇਤੀ ਮਾਡਲ ਸੰਕਟ ਦਾ ਸਿਕਾਰ ਹੈ, ਜ਼ਮੀਨ ਦੀ ਉਪਜਾਓ ਸ਼ਕਤੀ ਘੱਟ ਰਹੀ ਹੈ ਤੇ ਖੇਤੀ ਲਈ ਲੋੜੀਂਦਾ ਪਾਣੀ ਜਿੱਥੇ ਪ੍ਰਦੂਸ਼ਿਤ ਹੋ ਚੁੱਕਾ ਹੈ, ਉਥੇ ਡੂੰਘਾ ਹੋ ਰਿਹਾ ਜੋ ਵਧੇਰੇ ਖਰਚੀਲਾ ਪਾਣੀ ਲੈਣਾ ਕਿਸਾਨ ਦੇ ਵੱਸੋਂ ਬਾਹਰ ਹੋ ਚੁੱਕਾ ਹੈ | ਕਿਸਾਨ ਦੇ ਖੇਤੀ ਦੇ ਸਾਧਨਾਂ ‘ਤੇ ਕਾਰਪੋਰੇਟਾਂ ਨੇ ਕਬਜ਼ਾ ਕਰਕੇ ਕਿਸਾਨ ਨੂੰ ਕਰਜਾਈ ਕਰ ਦਿੱਤਾ ਹੈ | ਕਿਸਾਨ ਨੂੰ ਉਸਦੀ ਫਸਲ ਦਾ ਵਾਜਬ ਰੇਟ ਨਹੀਂ ਮਿਲ ਰਿਹਾ ਕਿਉਂਕਿ ਲਾਗਤੀ ਖਰਚੇ ਵੱਧ ਗਏ ਹਨ | ਪੰਜਾਬ ਦੀ ਉਪਜਾਊ ਜ਼ਮੀਨ ਜੋ ਦੁਨੀਆਂ ਦੇ ਲੋਕਾਂ ਦਾ ਢਿੱਡ ਭਰਨ, ਸਭ ਨੂੰ ਰੁਜ਼ਗਾਰ ਦੇਣ ਦੀ ਅਥਾਂਹ ਸਮਰਥਾ ਰੱਖਦੀ ਹੈ | ਉਸ ਦਾ ਕਰਤਾ ਭੁੱਖਾ ਮਰਨ ਲਈ ਮਜ਼ਬੂਰ ਹੈ | ਬੱਚਿਆਂ ਨੂੰ ਪੜ੍ਹਾਉਣ, ਬਿਮਾਰੀਆਂ ਦੇ ਇਲਾਜ ਆਦਿ ਕਰਨ ਲਈ ਕਿਸਾਨ ਨੂੰ ਮਜ਼ਬੂਰਨ ਕਰਜਾ ਲੈਣਾ ਪੈਂਦਾ ਜਿਸ ਨਾਲ ਇਹ ਕਰਜੇ ਦੀ ਪੰਡ ਦਿਨ ਪ੍ਰਤੀ ਦਿਨ ਭਾਰੀ ਹੁੰਦੀ ਜਾ ਰਹੀ ਹੈ | ਜਿਸ ਕਾਰਨ ਕਿਸਾਨੀ ਆਤਮ ਹੱਤਿਆਵਾਂ ਦੇ ਰਾਹ ਧੱਕੀ ਜਾ ਰਹੀ ਹੈ | ਅਜਿਹੇ ਸਮੇਂ ਜ਼ਰੂਰੀ ਹੈ ਕਿ ਜੋ ਮਾਡਲ ਲੋਕਾਂ ਨੂੰ ਮਾਰ ਰਿਹਾ ਹੈ ਉਸ ਨੂੰ ਬਦਲ ਕੇ ਨਵਾਂ ਮਾਡਲ ਬਣਾਇਆ ਜਾਵੇ ਜੋ ਲੋਕਾਈ ਦੀ ਜ਼ਿੰਦਗੀ ਸੌਖੀ ਕਰੇ | ਉਹਨਾਂ ਨਵੇਂ ਮਾਡਲ Tਸਾਂਝੀ, ਸਹਿਯੋਗੀ ਤੇ ਲਾਹੇਵੰਦ ਖੇਤੀ ਨੀਤੀ” ‘ਤੇ ਗੱਲਬਾਤ ਕਰਦਿਆਂ ਵੱਖ-2 ਜ਼ਮੀਨ ਢੇਰੀਆਂ ਦੇ ਮਾਲਕ ਕਿਸਾਨਾਂ ਨੂੰ ਇੱਕ ਵੱਡੀ ਢੇਰੀ ਦੇ ਰੂਪ ਜ਼ਮੀਨ ਇਕੱਠੀ ਕਰਕੇ ਗਰੁੱਪ ਬਣਾ ਸਾਂਝੇ ਰੂਪ ‘ਚ ਖੇਤੀ ਕਰਨ ਬਾਰੇ ਵਿਚਾਰਨਾ ਚਾਹੀਦਾ ਹੈ | ਇਸ ਸਾਂਝੀ ਖੇਤੀ ਲਈ ਸੰਦ ਤੇ ਬੀਜ ਖਰੀਦਣ ਲਈ ਵੱਖਰਾ ਫੰਡ ਸਰਕਾਰ ਮੁਹੱਇਆ ਕਰਵਾਉਣ ਦੀ ਗੱਲ ਕੀਤੀ | ਸਰਕਾਰ ਹਰ ਫਸਲ ਲਈ ਐੱਮ ਐੱਸ ਪੀ ਦੀ ਗਰੰਟੀ ਕਰੇ ਤਾਂ ਕਿਸਾਨ ਦੀ ਜਿਨਸ ਰੁਲਣ ਦੀ ਜਗ੍ਹਾ ਵਾਜਬ ਰੇਟ ‘ਤੇ ਵਿੱਕ ਸਕੇ | ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਾਡਲ ਨੂੰ ਅਪਣਾਉਣ ਲਈ ਲਾਮਬੰਦ ਹੋਈਏ ਇਸ ਤੋਂ ਬਿਨਾਂ ਸੰਕਟ ਦਾ ਸ਼ਿਕਾਰ ਕਿਸਾਨੀ ਨੂੰ ਬਚਾਇਆ ਨਹੀਂ ਜਾ ਸਕਦਾ | ਕੱੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸੂਰਤ ਸਿੰਘ ਤੇ ਇਲਾਕਾ ਆਗੂ ਕੁਲਦੀਪ ਸਿੰਘ ਭੋਲਾ ਨੇ ਸਾਂਝੀ ਤੇ ਸਹਿਯੋਗ ਖੇਤੀ ਦੇ ਮਾਡਲ ਨੂੰ ਵਿਚਾਰਨ ਦੀ ਤਾਇਦ ਕਰਦਿਆਂ ਕਿਹਾ ਕਿ ਕਿਸਾਨ ਬਹੁਤ ਵੱਡਾ ਘੋਲ ਜਿੱਤਕੇ ਆਏ ਹਨ, ਪਰ ਅਜੇ ਵੀ ਉਹਨਾਂ ਦੇ ਘਰਾਂ ‘ਚੋਂ ਨਿਰਾਸ਼ਾ ਤੇ ਦੁੱਖ ਨਹੀਂ ਗਏ ਅੱਜ ਵੀ ਅਸੀਂ ਗੁਰਬਤ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹਾਂ | ਇਸ ਲਈ ਜ਼ਰੂਰੀ ਹੈ ਕਿ ਲੋਕਾਂ ਨੂੰ ਉਹਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਗਰੰਟੀ ਮਿਲੇ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੇ ਨੌਜਵਾਨ ਬੇਰੁਜ਼ਗਾਰ ਧੀਆਂ ਪੁੱਤਾਂ ਨੂੰ ਕਨੂੰਨੀ ਰੂਪ ‘ਚ ਰੁਜ਼ਗਾਰ ਦੀ ਗਰੰਟੀ ਲਈ ਪਾਰਲੀਮੈਂਟ ਰਾਹੀਂ ਭਗਤ ਸਿੰਘ ਰੁਜ਼ਗਾਰ ਗਰੰਟੀ ਕਨੂੰਨ (ਬਨੇਗਾ) ਬਣਾਇਆ ਜਾਵੇ | ਇਸ ਕਾਨੂੰਨ ਤਹਿਤ 18 ਤੋਂ 58 ਸਾਲ ਦੇ ਹਰ ਮਰਦ ਇਸਤਰੀ ਨੂੰ ਉਸਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਅਨੁਸਾਰ ਤਨਖਾਹ ਦੀ ਗਰੰਟੀ ਮਿਲੇ | ਉਹਨਾ ਕਿਹਾ ਕਿ ਕਿਸਾਨ ਅੰਦੋਲਨ ਫਿਰ ਤੋਂ ਅੰਗੜਾਈ ਲੈ ਰਿਹਾ ਹੈ | ਮਹਾਰਾਸ਼ਟਰ ਦੇ ਕਿਸਾਨ ਫਿਰ ਆਪਣੇ ਹੱਕਾਂ ਲਈ ਸੜਕਾਂ ‘ਤੇ ਨਿਕਲ ਚੁੱਕੇ ਹਨ ਤੇ ਬਾਕੀ ਦੇਸ਼ ਵੀ 20 ਮਾਰਚ ਨੂੰ ਦਿੱਲੀ ਵੱਲ ਕੂਚ ਕਰ ਰਿਹਾ ਹੈ | ਚੇਤਾਵਨੀ ਦੇ ਰੂਪ ‘ਚ ਕਿਸਾਨ ਦਿੱਲੀ ‘ਚ ਮਾਰਚ ਕਰਨਗੇ | ਜੇਕਰ ਸਰਕਾਰ ਨੇ ਉਹਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਜਦ ਕਿਸਾਨ ਫਿਰ ਦਿੱਲੀ ਦੀਆਂ ਸੜਕਾਂ ਮੱਲ ਲੈਣਗੇ | ਕਿਸਾਨ ਦੇ ਧੀਆਂ ਪੁੱਤ ਪੜ੍ਹ ਲਿਖਕੇ ਵੀ ਬੇਰੁਜ਼ਗਾਰ ਹਨ ਜਵਾਨੀ ਤੇ ਕਿਸਾਨੀ ਬਚਾਉਣ ਲਈ ਹਰ ਹੱਥ ਨੂੰ ਕੰਮ ਮਿਲੇ | ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾਈ ਆਗੂ ਜਗਜੀਤ ਸਿੰਘ ਧੂੜਕੋਟ, ਨੌਜਵਾਨ ਆਗੂ ਗੁਰਾਂਦਿੱਤਾ ਦੀਨਾ, ਸਿਕੰਦਰ ਮਧੇਕੇ, ਮੱਖਣ ਸਿੰਘ, ਸੁਰਜੀਤ ਸਿੰਘ ਕੌਰਾ ਆਦਿ ਹਾਜ਼ਰ ਸਨ |