ਚੰਡੀਗੜ੍ਹ : ਖਾਲਿਸਤਾਨ ਹਮਦਰਦ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਪੇ ਬਣੇ ਚੀਫ ਅੰਮਿ੍ਤਪਾਲ ਸਿੰਘ ਦੇ ਪੰਜ ਸਾਥੀਆਂ ‘ਤੇ ਕੌਮੀ ਸੁਰੱਖਿਆ ਕਾਨੂੰਨ (ਐੱਨ ਐੱਸ ਏ) ਲਾਇਆ ਗਿਆ ਹੈ | ਇਨ੍ਹਾਂ ਵਿੱਚੋਂ ਚਾਰ ਪਹਿਲਾਂ ਹੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜੇ ਜਾ ਚੁੱਕੇ ਹਨ | ਪੰਜਵਾਂ ਵਿਅਕਤੀ ਅੰਮਿ੍ਤਪਾਲ ਦਾ ਚਾਚਾ ਹਰਜੀਤ ਸਿੰਘ ਹੈ | ਪੰਜਾਬ ਪੁਲਸ ਦੇ ਬੁਲਾਰੇ ਆਈ ਜੀ ਸੁਖਚੈਨ ਸਿੰਘ ਗਿੱਲ ਨੇ ਸੋਮਵਾਰ ਕਿਹਾ ਕਿ ਗਿ੍ਫਤਾਰੀ ਤੋਂ ਬਾਅਦ ਅੰਮਿ੍ਤਪਾਲ ਖਿਲਾਫ ਵੀ ਐੱਨ ਐੱਸ ਏ ਤਹਿਤ ਕੇਸ ਦਰਜ ਹੋਣ ਦੀ ਸੰਭਾਵਨਾ ਹੈ | ਗਿੱਲ ਨੇ ਦੱਸਿਆ ਕਿ ਜਿਨ੍ਹਾਂ ‘ਤੇ ਐੱਨ ਐੱਸ ਏ ਲਾਇਆ ਜਾਂਦਾ ਹੈ, ਉਨ੍ਹਾਂ ਨੂੰ ਰਿਮਾਂਡ ਲਈ ਕੋਰਟ ਵਿਚ ਪੇਸ਼ ਕਰਨ ਦੀ ਲੋੜ ਨਹੀਂ ਹੁੰਦੀ | ਇਨ੍ਹਾਂ ਦੀ ਪੁਜ਼ੀਸ਼ਨ ਬਾਰੇ ਤਿੰਨ ਹਫਤਿਆਂ ਬਾਅਦ ਮੁੜ ਜਾਇਜ਼ਾ ਲਿਆ ਜਾਂਦਾ ਹੈ |
ਗਿੱਲ ਨੇ ਕਿਹਾ—ਤਕੜਾ ਸ਼ੱਕ ਹੈ ਕਿ ਮੁਲਜ਼ਮਾਂ ਦੇ ਪਾਕਿਸਤਾਨੀ ਖੁਫੀਆ ਏਜੰਸੀ ਆਈ ਐੱਸ ਆਈ ਨਾਲ ਲਿੰਕ ਸਨ ਤੇ ਉਨ੍ਹਾਂ ਨੂੰ ਬਾਹਰੋਂ ਪੈਸੇ ਮਿਲੇ | ਉਨ੍ਹਾਂ ਹਵਾਲਾ ਚੈਨਲ ਨਾਲ ਪੈਸੇ ਹਾਸਲ ਕੀਤੇ | ਸਾਡੇ ਕੋਲ ਸਬੂਤ ਹਨ ਕਿ ਮੁਲਜ਼ਮ ਅੰਮਿ੍ਤਪਾਲ ਨਾਲ ਮਿਲ ਕੇ ਆਨੰਦਪੁਰ ਖਾਲਸਾ ਫੌਜ ਬਣਾ ਰਹੇ ਸਨ | ਪਹਿਲਾਂ ਹੀ ਡਿਬਰੂਗੜ੍ਹ ਭੇਜੇ ਜਾਣ ਵਾਲਿਆਂ ‘ਚ ਜਥੇਬੰਦੀ ਦਾ ਫਾਈਨਾਂਸਰ ਤੇ ਫਿਲਮ ਐਕਟਰ ਦਲਜੀਤ ਸਿੰਘ ਕਲਸੀ, ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਤੇ ਗੁਰਮੀਤ ਸਿੰਘ ਸ਼ਾਮਲ ਹਨ | ਅੰਮਿ੍ਤਪਾਲ ਸਿੰਘ ਦੇ ਚਾਚਾ ਅਤੇ ਡਰਾਈਵਰ ਨੇ ਜਲੰਧਰ ‘ਚ ਪੁਲਸ ਅੱਗੇ ਆਤਮ-ਸਮਰਪਣ ਕਰ ਦਿੱਤਾ, ਜਦਕਿ ਅੰਮਿ੍ਤਪਾਲ ਹੱਥ ਨਹੀਂ ਲੱਗਾ | ਜਲੰਧਰ ਦੇ ਐੱਸ ਐੱਸ ਪੀ (ਦਿਹਾਤੀ) ਸਵਰਨਦੀਪ ਸਿੰਘ ਨੇ ਦੱਸਿਆ ਕਿ ਅੰਮਿ੍ਤਪਾਲ ਦੇ ਚਾਚਾ ਹਰਜੀਤ ਸਿੰਘ ਅਤੇ ਡਰਾਈਵਰ ਹਰਪ੍ਰੀਤ ਸਿੰਘ ਨੇ ਐਤਵਾਰ ਰਾਤ ਨੂੰ ਜਲੰਧਰ ਦੇ ਮਹਿਤਪੁਰ ਇਲਾਕੇ ਦੇ ਗੁਰਦੁਆਰੇ ਨੇੜੇ ਆਤਮ-ਸਮਰਪਣ ਕਰ ਦਿੱਤਾ | ਅੰਮਿ੍ਤਪਾਲ ਸਿੰਘ ਦੀ ਭਾਲ ਜਾਰੀ ਹੈ | ਸੂਬਾ ਪੁਲਸ ਹੁਣ ਤੱਕ ਅੰਮਿ੍ਤਪਾਲ ਸਿੰਘ ਦੇ 112 ਸਮਰਥਕਾਂ ਨੂੰ ਗਿ੍ਫਤਾਰ ਕਰ ਚੁੱਕੀ ਹੈ | ਇਸੇ ਦੌਰਾਨ ਮੰਗਲਵਾਰ ਦੁਪਹਿਰ 12 ਵਜੇ ਤੱਕ ਮੋਬਾਇਲ ਇੰਟਰਨੈੱਟ ਅਤੇ ਐੱਸ ਐੱਮ ਐੱਸ ਸੇਵਾਵਾਂ ਬੰਦ ਰਹਿਣਗੀਆਂ | ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀ ਐੱਸ ਐੱਫ ਅਤੇ ਸਸ਼ਤਰ ਸੀਮਾ ਬਲ ਦੇ ਡਾਇਰੈਕਟਰ ਜਨਰਲਾਂ ਨੂੰ ਨਿਰਦੇਸ ਭੇਜੇ ਹਨ ਕਿ ਉਹ ਸਰਹੱਦੀ ਖੇਤਰਾਂ ‘ਚ ਜਵਾਨਾਂ ਨੂੰ ਹਾਈ ਅਲਰਟ ‘ਤੇ ਰੱਖਣ, ਕਿਉਂਕਿ ਅੰਮਿ੍ਤਪਾਲ ਸਿੰਘ ਵੱਲੋਂ ਦੇਸ਼ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ | ਹਵਾਈ ਅੱਡਿਆਂ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵੀ ਹਾਈ ਅਲਰਟ ‘ਤੇ ਰਹਿਣ ਲਈ ਕਿਹਾ ਗਿਆ ਹੈ | ਉਪਰੋਕਤ ਦੋਵਾਂ ਨੀਮ ਫੌਜੀ ਬਲਾਂ ਨੇ ਪਹਿਲਾਂ ਹੀ ਅੰਮਿ੍ਤਪਾਲ ਦੀਆਂ ਦੋ ਤਸਵੀਰਾਂ ਸਮੇਤ ਸਾਰੀ ਸੂਚਨਾ ਆਪਣੇ ਖੇਤਰੀ ਯੂਨਿਟਾਂ ਨੂੰ ਭੇਜ ਦਿੱਤੀ ਹੈ | ਪੰਜਾਬ ਪੁਲਸ ਵੱਲੋਂ ਅੰਮਿ੍ਤਪਾਲ ਨੂੰ ਭਗੌੜਾ ਐਲਾਨੇ ਜਾਣ ਦੇ ਮੱਦੇਨਜ਼ਰ ਖੁਫੀਆ ਏਜੰਸੀਆਂ ਨੂੰ ਲੱਗਦਾ ਹੈ ਕਿ ਉਹ ਭਾਰਤ-ਨੇਪਾਲ ਸਰਹੱਦ ਜਾਂ ਪੰਜਾਬ ਦੀ ਕੌਮਾਂਤਰੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ | ਭਾਰਤ-ਨੇਪਾਲ ਸਰਹੱਦ ਦੀ ਸੁਰੱਖਿਆ ਸਸ਼ਤਰ ਸੀਮਾ ਬਲ ਵੱਲੋਂ ਕੀਤੀ ਜਾਂਦੀ ਹੈ ਅਤੇ ਪੰਜਾਬ ਸਰਹੱਦ ਦੀ ਰਾਖੀ ਬੀ ਐੱਸ ਐੱਫ ਕਰ ਰਹੀ ਹੈ |




