ਟੋਰੰਟੋ : ਕੈਨੇਡਾ ਦੇ ਸੂਬੇ ਬਿ੍ਟਿਸ਼ ਕੋਲੰਬੀਆ ਦੇ ਕੇਲੋਨਾ ‘ਚ ਮੈਕਕਰੀ ਰੋਡ ‘ਤੇ 21 ਸਾਲਾ ਸਿੱਖ ਵਿਦਿਆਰਥੀ ਗਗਨਦੀਪ ਸਿੰਘ ‘ਤੇ ਅਣਪਛਾਤਿਆਂ ਦੇ ਗਰੁੱਪ ਨੇ ਹਮਲਾ ਕਰਕੇ ਉਸ ਦੀ ਪੱਗ ਲਾਹ ਦਿੱਤੀ ਤੇ ਉਸ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ | ਕੌਂਸਲਰ ਮੋਹਿਨੀ ਸਿੰਘ ਨੇ ਕਿਹਾ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਗਗਨਦੀਪ ਕੋਲ ਗਈ | ਉਸ ਕੋਲੋਂ ਮੂੰਹ ਵੀ ਨਹੀਂ ਖੋਲਿ੍ਹਆ ਜਾ ਰਿਹਾ ਸੀ | ਉਸ ਦੀਆਂ ਅੱਖਾਂ ਸੁੱਜੀਆਂ ਪਈਆਂ ਸਨ ਤੇ ਉਹ ਕਰਾਹ ਰਿਹਾ ਸੀ | ਉਸ ਨੂੰ ਦੱਸਿਆ ਗਿਆ ਕਿ ਗਗਨਦੀਪ 17 ਮਾਰਚ ਨੂੰ ਰਾਤੀਂ ਕਰੀਬ ਸਾਢੇ 10 ਵਜੇ ਕਰਿਆਨਾ ਲੈ ਕੇ ਘਰ ਪਰਤ ਰਿਹਾ ਸੀ ਕਿ ਬੱਸ ਵਿਚ ਉਸ ਦਾ 12-15 ਮੁੰਡਿਆਂ ਦੇ ਗਰੁੱਪ ਨਾਲ ਟਾਕਰਾ ਹੋਇਆ | ਉਸ ਦਿਨ ਸੇਂਟ ਪੈਟਰਿਕ ਡੇ ਸੀ ਤੇ ਵਿਗ ਪਾਈ ਖਰੂਦੀ ਮੁੰਡੇ ਬੱਸ ਵਿਚ ਸਵਾਰ ਸਨ | ਉਨ੍ਹਾਂ ਗਗਨਦੀਪ ਨੂੰ ਛੇੜਨਾ ਸ਼ੁਰੂ ਕਰ ਦਿੱਤਾ ਤੇ ਉਸ ‘ਤੇ ਵਿਗ ਵੀ ਸੁੱਟਿਆ | ਗਗਨਦੀਪ ਨੇ ਕਿਹਾ ਕਿ ਜੇ ਉਹ ਤੰਗ ਕਰਨੋਂ ਨਾ ਹਟੇ ਤਾਂ ਉਹ ਪੁਲਸ ਸੱਦ ਲਵੇਗਾ, ਪਰ ਉਹ ਹਟੇ ਨਹੀਂ | ਬੱਸ ਤੋਂ ਉਤਰਨ ਦੇ ਬਾਅਦ ਉਨ੍ਹਾਂ ਬੱਸ ਚੱਲਦਿਆਂ ਹੀ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ | ਉਸ ਦੀਆਂ ਦੀਆਂ ਪਸਲੀਆਂ, ਮੂੰਹ, ਬਾਹਾਂ ਅਤੇ ਲੱਤਾਂ ‘ਤੇ ਕਾਫੀ ਸੱਟਾਂ ਲੱਗੀਆਂ | ਫਿਰ ਉਹ ਉਸ ਦੀ ਪੱਗ ਵੀ ਲੈ ਗਏ ਤੇ ਗਗਨਦੀਪ ਨੂੰ ਗੰਦੀ ਬਰਫ ਦੇ ਢੇਰ ‘ਤੇ ਸੁੱਟ ਗਏ | ਹੋਸ਼ ਆਉਣ ‘ਤੇ ਗਗਨਦੀਪ ਨੇ ਦੋਸਤ ਨੂੰ ਫੋਨ ਕਰਕੇ ਸੱਦਿਆ | ਇਸ ਘਟਨਾ ਵਿਰੱੁਧ ਗਗਨਦੀਪ ਦੇ ਦੋਸਤ ਤੇ ਹੋਰਨਾਂ ਦੇਸ਼ਾਂ ਦੇ ਵਿਦਿਆਰਥੀ ਬੱਸ ਸਟਾਪ ‘ਤੇ ਐਤਵਾਰ ਇਕੱਠੇ ਹੋਏ ਤੇ ਆਪਣੀ ਸੁਰੱਖਿਆ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ |




