ਬਰੇਟਾ/ਮਾਨਸਾ (ਗੋਬਿੰਦ ਸ਼ਰਮਾ/
ਆਤਮਾ ਸਿੰਘ ਪਮਾਰ)
ਮੋਦੀ ਸਰਕਾਰ ਦੀ ਸ਼ਹਿ ‘ਤੇ ਬਦਲਾਖੋਰੀ ਦੀ ਭਾਵਨਾ ਨਾਲ ਕਿਸਾਨ ਆਗੂਆਂ ‘ਤੇ ਹੋਈ ਸੀ ਬੀ ਆਈ ਦੀ ਛਾਪੇਮਾਰੀ ਜਮਹੂਰੀਅਤ ਦਾ ਘਾਣ ਹੈ | ਸੰਯੁਕਤ ਕਿਸਾਨ ਮੋਰਚੇ ਨੂੰ ਤੋੜਣ ਲਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਤੇ ਫੁੱਟ-ਪਾਊ ਤਾਕਤਾਂ ਦੇ ਮਨਸੂਬਿਆਂ ਨੂੰ ਕਿਸੇ ਕੀਮਤ ‘ਤੇ ਕਾਮਯਾਬ ਹੋਣ ਨਹੀਂ ਦਿਆਂਗੇ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਨੇੜਲੇ ਪਿੰਡ ਕਿਸ਼ਨਗੜ੍ਹ ਵਿਖੇ ਪੈਪਸੂ ਮੁਜ਼ਾਰਾ ਲਹਿਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਕਾਨਫਰੰਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਹਨਾ ਕਿਹਾ ਕਿ ਮੋਰਚੇ ਵੱਲੋਂ ਕਾਲੇ ਕਾਨੂੰਨਾਂ ਖਿਲਾਫ ਲੜੇ ਤੇ ਜਿੱਤੇ ਗਏ ਸੰਘਰਸ਼ ਤੋਂ ਮੋਦੀ ਸਰਕਾਰ ਪੂਰੀ ਖਫਾ ਹੋਣ ਕਾਰਨ ਕਿਸਾਨਾਂ ‘ਤੇ ਤਾਵੜ ਹਮਲਿਆਂ ਰਾਹੀ ਸੀ ਬੀ ਆਈ ਦਾ ਸਹਾਰਾ ਲੈ ਜਾਣਬੁਝ ਕੇ ਤੰਗ-ਪ੍ਰੇਸ਼ਾਨ ਕਰ ਰਹੀ ਹੈ | ਅੰਬਾਨੀਆਂ, ਅਡਾਨੀਆਂ ਨੂੰ ਖੁਸ਼ ਕਰਨ ਲਈ ਸੰਵਿਧਾਨ ਨੂੰ ਛਿੱਕੇ ਟੰਗ ਕਾਰਪੋਰੇਟਾਂ ਨੂੰ ਭਾਰਤੀ ਜਾਇਦਾਦ ਨੂੰ ਕੌਡੀਆਂ ਦੇ ਭਾਅ ਦੇਣ ‘ਤੇ ਤੁਲੀ ਹੈ | ਮੋਦੀ ਸਰਕਾਰ ਦੀਆਂ ਮਾੜੀਆਂ ਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਦੇਸ਼ ਦੇ ਸੰਘਰਸ਼ੀ ਲੋਕਾਂ ਵੱਲੋਂ ਮੁਦਈ ਬਣ ਲਗਾਤਾਰ ਸੰਘਰਸ਼ ਜਾਰੀ ਹੈ, ਜਿਸ ‘ਤੇ ਹਰ ਹੀਲੇ ਪਹਿਰਾ ਦਿੱਤਾ ਜਾਵੇਗਾ |
ਸਾਥੀ ਅਰਸ਼ੀ ਨੇ ਜੋਸ਼ ਭਰੇ ਸ਼ਬਦਾਂ ਰਾਹੀਂ ਹਾਜ਼ਰ ਲੋਕਾਂ ਨੂੰ ਜ਼ੋਰ ਨਾਲ ਅਪੀਲ ਕਰਦਿਆਂ ਕਿਹਾ ਕਿ ਬੇਸ਼ੱਕ ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਜਿੱਤਿਆ ਜਾ ਚੁੱਕਾ ਹੈ, ਪਰ ਰਹਿੰਦੀਆਂ ਬਾਕੀ ਹੱਕੀ ਮੰਗਾਂ ਲਈ ਤਿੱਖੇ ਸੰਘਰਸ਼ਾਂ ਨੂੰ ਜਾਰੀ ਰੱਖਣਾ ਹੋਵੇਗਾ, ਕਿਉਂਕਿ ਕਿਸਾਨਾਂ/ ਮਜ਼ਦੂਰਾਂ ਦੀ ਕਰਜ਼ਾ ਮੁਆਫੀ, ਐੱਮ ਐੱਸ ਪੀ, ਅੰਦੋਲਨ ਦੌਰਾਨ ਧਰਨਾਕਾਰੀਆਂ ‘ਤੇ ਦਰਜ ਕੇਸ ਰੱਦ ਕਰਨ, ਪਾਣੀਆਂ ਤੇ ਬਿਜਲੀ ਐਕਟ 2020 ਨੂੰ ਰੱਦ ਕਰਨ ਸਮੇਤ ਹੋਰ ਮੰਗਾਂ ‘ਤੇ ਸੰਘਰਸ਼ ਕੀਤਾ ਜਾਵੇਗਾ | ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ, ਡਕੌਂਦਾ (ਧਨੇਰ) ਦੇ ਕੁਲਵੰਤ ਕਿਸ਼ਨਗੜ੍ਹ, ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਸੀਤਾ ਰਾਮ ਗੋਬਿੰਦਪੁਰਾ, ਵੇਦ ਪ੍ਰਕਾਸ਼ ਬੁਢਲਾਡਾ ਨੇ ਸੂਬਾ ਸਰਕਾਰ ਨੂੰ ਅਮਨ-ਕਾਨੂੰਨ ਨੂੰ ਬਹਾਲ ਰੱਖਣ ਅਤੇ ਅਮਨ-ਕਾਨੂੰਨ ਨੂੰ ਲਾਂਬੂ ਲਾਉਣ ਵਾਲੀਆਂ ਤਾਕਤਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ | ਕਾਨਫਰੰਸ ਦੀ ਸ਼ੁਰੂਆਤ ਆਗੂਆਂ ਦੀ ਅਗਵਾਈ ਹੇਠ ਸ਼ਹੀਦਾਂ ਦੀ ਯਾਦਗਾਰ ‘ਤੇ ਝੰਡਾ ਚੜ੍ਹਾਉਣ ਉਪਰੰਤ ਇਨਕਲਾਬੀ ਨਾਹਰਿਆਂ ਦੀ ਗੂੰਜ ਨਾਲ ਕੀਤੀ ਗਈ | ਡਾ. ਸਾਹਿਬ ਸਿੰਘ ਮੁਹਾਲੀ ਦੀ ਨਾਟਕ ਟੀਮ ਵੱਲੋਂ ‘ਲੱਛੂ ਕਬਾੜੀਆ’ ਨਾਟਕ ਖੇਡ ਮੌਜੂਦਾ ਸਿਆਸੀ ਵਾਤਾਵਰਨ ਬਾਰੇ ਚਾਨਣਾ ਪਾਇਆ ਗਿਆ | ਕਾਨਫਰੰਸ ਨੇ ਮਤਿਆਂ ਰਾਹੀਂ ਬੇਮੌਸਮੀ ਮੀਂਹ ਤੇ ਗੜਿਆਂ ਕਾਰਨ ਮਾਰੀ ਹਾੜ੍ਹੀ ਦੀ ਫਸਲ ਲਈ ਮੁਆਵਜ਼ਾ, ਖੇਤ ਮਜ਼ਦੂਰਾਂ ‘ਤੇ ਵਿਧਾਨ ਸਭਾ ਵੱਲ ਮਾਰਚ ਕਰਨ ਦੌਰਾਨ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ ਅਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਦਾ ਮਤਾ ਪਾਸ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਕਾਲਾ, ਵੇਦ ਪ੍ਰਕਾਸ਼ ਬਰੇਟਾ, ਮਲਕੀਤ ਬਖਸ਼ੀਵਾਲਾ, ਬੰਬੂ ਸਿੰਘ, ਦਰਸ਼ਨ ਚੱਕ ਅਲੀਸ਼ੇਰ, ਗੁਰਮੇਲ ਬਰੇਟਾ, ਭੁਪਿੰਦਰ ਗੁਰਨੇ, ਹਰਮੀਤ ਬੋੜਾਵਾਲ, ਸੁਲੱਖਣ ਕਾਨਗੜ੍ਹ, ਕੁਲਵੰਤ ਸੇਖੋਂ, ਗਿੰਦਰ ਸਿੰਘ, ਹਰਮੇਲ ਸਿੰਘ, ਦਲਵਾਰਾ ਸਿੰਘ, ਸਾਬਕਾ ਸਰਪੰਚ ਦਰਵਾਰਾ ਸਿੰਘ ਅਤੇ ਗਰੀਬੂ ਸਿੰਘ ਆਦਿ ਆਗੂ ਸ਼ਾਮਲ ਸਨ |





