ਅੰਮਿ੍ਤਸਰ (ਜਸਬੀਰ ਸਿੰਘ ਪੱਟੀ)
ਪੰਜਾਬੀ ਸਾਹਿਤ ਦੇ ਮੱਕਾ ਵਜੋਂ ਜਾਣੀ ਜਾਂਦੀ ਪ੍ਰੀਤ ਨਗਰ ਦੀ ਧਰਤੀ ‘ਤੇ ਗੁਰਬਖਸ਼ ਸਿੰਘ, ਨਾਨਕ ਸਿੰਘ ਫਾਊਾਡੇਸ਼ਨ ਦੇ ਪ੍ਰੀਤ ਭਵਨ ਵਿਖੇ ਕਰਵਾਏ ਗਏ ਆਨੰਦ ਜੋੜੀ ਸਿਮਰਤੀ ਪੁਰਸਕਾਰ-2023 ਸਮਾਰੋਹ ਦੌਰਾਨ ਪੱਤਰਕਾਰੀ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਦੇਣ ਲਈ ਉੱਘੇ ਪੱਤਰਕਾਰ ਚਰਨਜੀਤ ਭੁੱਲਰ ਨੂੰ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ, ਜਦੋਂ ਕਿ ਬਲੀਜੀਤ ਦੀ ਬਿਹਤਰੀਨ ਕਹਾਣੀ ‘ਨੂਣ’ ਨੂੰ ਉਰਮਿਲਾ ਆਨੰਦ ਸਿਮਰਤੀ ਪੁਰਸਕਾਰ-2023 ਨਾਲ ਸਨਮਾਨਤ ਕੀਤਾ ਗਿਆ | ਇਸ ਮੌਕੇ ਡਾ. ਰਘਬੀਰ ਸਿੰਘ ਸਿਰਜਣਾ ਨੇ ਸਮਾਰੋਹ ਦੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਡਾ. ਰਘਬੀਰ ਸਿੰਘ ਨੇ ਆਨੰਦ ਜੋੜੀ ਵੱਲੋਂ ਸਿਆਸਤ, ਸਾਹਿਤ ਤੇ ਪੱਤਰਕਾਰੀ ਦੇ ਖੇਤਰ ‘ਚ ਨਿਭਾਈ ਭੂਮਿਕਾ ‘ਤੇ ਚਰਚਾ ਕੀਤੀ |
ਸੁਕੀਰਤ ਆਨੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਨੰਦ ਜੋੜੀ ਸਿਮਰਤੀ ਪੁਰਸਕਾਰ ਲਈ ਹਰ ਸਾਲ ਬੜੀ ਜਾਂਚ-ਪੜਤਾਲ ਤਹਿਤ ਇੱਕ ਪੱਤਰਕਾਰ ਤੇ ਇੱਕ ਕਹਾਣੀ ਦੀ ਚੋਣ ਕਰਕੇ ਕਹਾਣੀਕਾਰ ਨੂੰ ਭੇਟ ਕੀਤਾ ਜਾਂਦਾ ਹੈ | ਉਨ੍ਹਾ ਕਿਹਾ ਕਿ ਆਨੰਦ ਜੋੜੀ ਸਿਮਰਤੀ ਪੁਰਸਕਾਰ ਭੇਟ ਕਰਕੇ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ | ਸਮਾਰੋਹ ਮੌਕੇ ਡਾ. ਰਘਬੀਰ ਸਿੰਘ, ਹਿਰਦੇਪਾਲ ਸਿੰਘ ਤੇ ਸੁਕੀਰਤ ਆਨੰਦ ਵੱਲੋਂ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ ਪੱਤਰਕਾਰ ਚਰਨਜੀਤ ਭੁੱਲਰ ਨੂੰ ਭੇਟ ਕੀਤਾ ਗਿਆ | ਇਸ ਮੌਕੇ ਭੁੱਲਰ ਨੇ ਕਿਹਾ ਕਿ ਅੱਜ ਕੌਮੀ ਮੀਡੀਆ ਦਾ ਫੋਕਸ ਮੇਨਲੈਂਡ ਇੰਡੀਆ ‘ਤੇ ਹੈ ਅਤੇ ਪੇਂਡੂ ਭਾਰਤ ਤਰਜੀਹੀ ਨਹੀਂ ਰਿਹਾ, ਕਿਉਂਕਿ ਪੀ ਆਰ ਪੀ ਅਤੇ ਬਰੇਕਿੰਗ ਨਿਊਜ਼ ਦੀ ਦੌੜ ਵਿੱਚ ਮੀਡੀਆ ਨੂੰ ਕਿਸਾਨ ਸੈਲੀਬਿ੍ਟੀ ਨਹੀਂ ਲੱਗਦਾ | ਚਰਨਜੀਤ ਭੁੱਲਰ ਨੇ ਆਪਣੀ ਨਿਰਪੱਖ ਪੱਤਰਕਾਰੀ ਦੌਰਾਨ ਨਿਭਾਈਆਂ ਭੂਮਿਕਾਵਾਂ ਅਤੇ ਵੱਖ-ਵੱਖ ਘਟਨਾਵਾਂ ਸੰਬੰਧੀ ਵਿਸਥਾਰ ਸਹਿਤ ਤਜਰਬੇ ਵੀ ਸਾਂਝੇ ਕੀਤੇ |
ਪੰਜਾਬੀ ਦੇ ਸਿਰਮੌਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਉਰਮਿਲਾ ਆਨੰਦ ਸਿਮਰਤੀ ਪੁਰਸਕਾਰ-2023 ਬਲੀਜੀਤ ਨੂੰ ਭੇਟ ਕੀਤਾ | ਇਸ ਮੌਕੇ ਕਹਾਣੀਕਾਰ ਬਲੀਜੀਤ ਨੇ ਆਪਣੀ ਪੁਰਸਕਾਰ ਵਿਜੇਤਾ ਕਹਾਣੀ ‘ਨੂਣ’ ਸੰਬੰਧੀ ਵਿਚਾਰ ਪ੍ਰਗਟ ਕੀਤੇ |
ਡਾ. ਮਨਮੋਹਨ ਨੇ ਕਹਾਣੀ ਸੰਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ | ਰਾਜਪਾਲ ਕੋਟਕਪੂਰਾ ਨੇ ਪੱਤਰਕਾਰ ਭੁੱਲਰ ਦੇ ਕੰਮ ਦੀ ਸਰੋਤਿਆਂ ਨਾਲ ਸਾਂਝ ਪਾਈ | ਸਮਾਰੋਹਾਂ ‘ਚ ਉਨ੍ਹਾ ਕਹਾਣੀਕਾਰਾਂ ਨੇ ਵੀ ਸੰਖੇਪ ਵਿੱਚ ਆਪਣੀ ਕਹਾਣੀ ਬਾਰੇ ਗੱਲ ਰੱਖੀ, ਜਿਨ੍ਹਾਂ ਨੂੰ ਪੁਰਸਕਾਰ ਲਈ ਸ਼ਾਰਟ ਲਿਸਟ ਕੀਤਾ ਗਿਆ ਸੀ | ਸਮਾਰੋਹ ਦੇ ਅਖੀਰ ਵਿੱਚ ਹਿਰਦੇਪਾਲ ਸਿੰਘ ਵੱਲੋਂ ਆਏ ਲੇਖਕਾਂ, ਬੁੱਧੀਜੀਵੀਆਂ ਤੇ ਪੱਤਰਕਾਰਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਪੀਪਲਜ਼ ਫੋਰਮ ਬਰਗਾੜੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ | ਇਸ ਮੌਕੇ ਡਾ. ਕੁਲਵੰਤ ਸਿੰਘ ਸੰਧੂ, ਜਸ ਮੰਡ, ਜਸਬੀਰ ਭੁੱਲਰ, ਬਲਬੀਰ ਪਰਵਾਨਾ, ਪਿ੍ੰਸੀਪਲ ਡਾ. ਮਹਿਲ ਸਿੰਘ, ਕਰਨਲ ਬਲਬੀਰ ਸਿੰਘ, ਬੀਬਾ ਬਲਵੰਤ, ਕਹਾਣੀਕਾਰ ਮੁਖਤਾਰ ਗਿੱਲ, ਖੁਸ਼ਵੰਤ ਬਰਗਾੜੀ, ਨਿਰਮਲ ਅਰਪਨ, ਡਾ. ਸ਼ਿਆਮ ਸੁੰਦਰ ਦੀਪਤੀ, ਜਨਮੀਤ, ਦੀਪ ਦਵਿੰਦਰ, ਡਾ. ਪਰਮਜੀਤ ਸਿੰਘ ਮੀਸ਼ਾ, ਸ਼ਾਇਰਾ ਅਰਤਿੰਦਰ ਸੰਧੂ, ਕਹਾਣੀਕਾਰਾ ਅਰਵਿੰਦਰ ਧਾਲੀਵਾਲ, ਜਗਤਾਰ ਗਿੱਲ, ਸੁਮੀਤ ਸਿੰਘ, ਫ਼ਿਲਮੀ ਅਦਾਕਾਰ ਹਰਦੀਪ ਗਿੱਲ, ਜਸਵੰਤ ਸਿੰਘ ਘਰਿੰਡਾ, ਪਰਵੀਨ ਕੌਰ, ਪਿ੍ਥੀਪਾਲ ਮਾੜੀਮੇਘਾ, ਭਗਵੰਤ ਰਸੂਲਪੁਰੀ, ਧਰਵਿੰਦਰ ਔਲਖ ਆਦਿ ਵੱਡੀ ਗਿਣਤੀ ਵਿੱਚ ਲੇਖਕ, ਬੁੱਧੀਜੀਵੀ ਤੇ ਦਰਸ਼ਕ ਹਾਜ਼ਰ ਸਨ |





