ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਸੋਮਵਾਰ ਇੱਥੇ ਰਾਮ ਲੀਲ੍ਹਾ ਮੈਦਾਨ ਵਿੱਚ ਹਜ਼ਾਰਾਂ ਕਿਸਾਨ ਇਕੱਠੇ ਹੋਏ | ਪੰਜਾਬ- ਹਰਿਆਣਾ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨਾਂ ਨੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ, ਜਿਸ ਵਿੱਚ ਔਰਤਾਂ ਦੀ ਸ਼ਮੂਲੀਅਤ ਵੀ ਗਿਣਨਯੋਗ ਸੀ | ਇਸ ਮੌਕੇ ਸੰਬੋਧਨ ਕਰਦਿਆਂ ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਸਾਥੀ ਵੈਂਕਈਆ, ਜੋਗਿੰਦਰ ਸਿੰਘ ਉਗਰਾਹਾਂ, ਰਾਕੇਸ਼ ਟਿਕੈਤ, ਹਨਨ ਮੁੱਲਾ, ਨਿਰਭੈ ਸਿੰਘ ਢੁੱਡੀਕੇ, ਆਸ਼ੀਸ਼ ਮਿੱਤਲ, ਡਾਕਟਰ ਦਰਸ਼ਨਪਾਲ, ਸਤਿਆਪਾਲ, ਸਰੀਨ ਕੈਂਥ, ਤਜਿੰਦਰ ਸਿੰਘ ਵਿਰਕ, ਸਤਨਾਮ ਸਿੰਘ ਅਜਨਾਲਾ, ਬੂਟਾ ਸਿੰਘ ਬੁਰਜਗਿੱਲ, ਮਨਜੀਤ ਸਿੰਘ ਧਨੇਰ, ਹਰਮੀਤ ਸਿੰਘ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ, ਸਤਨਾਮ ਸਿੰਘ ਬਹਿਰੂ, ਮਨਜੀਤ ਰਾਏ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਨੂੰ ਭਾਜਪਾ ਸਰਕਾਰ ਧੁੰਦਲਾ ਕਰਨਾ ਚਾਹੁੰਦੀ ਹੈ | ਇਸ ਅੰਦੋਲਨ ਨੇ ਦੁਨੀਆ ਦੇ ਲੋਕਾਂ ਨੂੰ ਰਾਹ ਦਿਖਾਇਆ ਹੈ ਕਿ ਜੇਕਰ ਸਭ ਧਰਮਾਂ, ਖਿੱਤਿਆਂ ਦੇ ਲੋਕ ਇੱਕਜੁੱਟ ਹੋ ਜਾਣ ਤਾਂ ਉਹ ਕਾਰਪੋਰੇਟ ਜਗਤ ਨੂੰ ਵੀ ਮੂਧਾ ਕਰ ਸਕਦੇ ਹਨ | ਕਾਰਪੋਰੇਟ ਜਗਤ ਨੇ ਖੇਤੀ ਅਤੇ ਫਸਲਾਂ ਹੜੱਪਣ ਲਈ ਕਾਲੇ ਕਾਨੂੰਨ ਲਿਆਂਦੇ ਸਨ, ਜਿਸ ਦੇ ਵਿਰੁੱਧ ਉਹ ਲੋਕ ਇੱਕਮੁੱਠ ਹੋ ਗਏ, ਜਿਹਨਾਂ ਨੂੰ ਭਾਜਪਾ ਸਰਕਾਰ ਹਿੰਦੂ, ਸਿੱਖ, ਮੁਸਲਮਾਨ ਦੇ ਨਾਂਅ ਉੱਤੇ ਫਿਰਕੂ ਵੰਡ ਪਾ ਕੇ ਰੱਖਦੀ ਹੈ |
ਬੁਲਾਰਿਆਂ ਨੇ ਕਿਹਾ ਕਿ ਭਾਜਪਾ ਸਰਕਾਰ ਰਾਹੀਂ ਕਾਰਪੋਰੇਟ ਘਰਾਣਿਆਂ ਦੇ ਕਾਲੇ ਕਾਨੂੰਨਾਂ ਦਾ ਹੱਲਾ ਅਸੀਂ ਪਛਾੜ ਦਿੱਤਾ ਹੈ | ਹੁਣ ਅੰਦੋਲਨ ਦੌਰਾਨ ਸਾਡੀਆਂ ਬਕਾਇਆ ਮੰਗਾਂ ਲਈ ਅਸੀਂ ਘੋਲ ਜਾਰੀ ਰੱਖਣਾ ਹੈ | ਦੇਸ਼ ਦੀ ਖੇਤੀ ਅਤੇ ਕਿਸਾਨੀ ਨੂੰ ਬਚਾਉਣ ਲਈ ਅਸੀਂ ਇਸ ਕਿੱਤੇ ਦੇ ਸਭ ਲੋਕਾਂ ਨੂੰ ਲਾਮਬੰਦ ਕਰਦਿਆਂ ਲੜਾਈ ਅੱਗੇ ਵਧਾਉਣੀ ਹੈ |
ਵਿਸ਼ਾਲ ਇਕੱਠ ਨੇ ਜੋਸ਼ੀਲੇ ਨਾਅਰਿਆਂ ਨਾਲ ਮੰਗ ਕੀਤੀ ਕਿ ਪੂਰੇ ਦੇਸ਼ ਵਿੱਚ ਸਾਰੀਆਂ ਫਸਲਾਂ ਦੀ ਐੱਮ ਐੱਸ ਪੀ ਦਾ ਕਾਨੂੰਨ ਬਣਾਓ, ਅੰਦੋਲਨ ਦੌਰਾਨ ਲਖੀਮਪੁਰ ਖੀਰੀ ‘ਚ ਯੋਜਨਾਬੱਧ ਢੰਗ ਨਾਲ ਕੀਤੀ ਦੁਰਘਟਨਾ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਣੀ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਕੇ ਗਿ੍ਫਤਾਰ ਕਰੋ, ਲਖੀਮਪੁਰ ਖੀਰੀ ਦੇ ਗਿ੍ਫਤਾਰ ਕੀਤੇ ਚਾਰ ਨੌਜਵਾਨ ਕਿਸਾਨ ਆਗੂਆਂ ਨੂੰ ਰਿਹਾਅ ਕਰੋ, ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨਾਂ ਅਤੇ ਕਿਸਾਨ ਆਗੂਆਂ ‘ਤੇ 26 ਜਨਵਰੀ 2021 ਨੂੰ ਕੀਤੇ ਸੰਗੀਨ ਪਰਚੇ ਰੱਦ ਕਰੋ, ਕਿਸਾਨਾਂ ਦੇ ਕਰਜ਼ਿਆਂ ‘ਤੇ ਲੀਕ ਮਾਰੋ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਕਰੋ, 60 ਸਾਲ ਦੇ ਕਿਸਾਨ ਮਰਦ-ਔਰਤਾਂ ਦੀ ਬੁਢਾਪਾ ਪੈਨਸ਼ਨ 10 ਹਜ਼ਾਰ ਤੈਅ ਕਰੋ, ਬਿਜਲੀ ਬਿੱਲ 2022 ਰੱਦ ਕਰੋ ਅਤੇ ਡੈਮ ਸੇਫਟੀ ਐਕਟ ਰੱਦ ਕਰੋ | ਇਸ ਮੌਕੇ ਬਲਦੇਵ ਸਿੰਘ ਨਿਹਾਲਗੜ੍ਹ, ਰਮਿੰਦਰ ਸਿੰਘ ਪਟਿਆਲਾ ਸਮੇਤ ਨੌਂ ਮੈਂਬਰੀ ਟੀਮ ਨੇ ਮੰਚ ਸੰਚਾਲਨ ਕੀਤਾ | ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਬਲਕਰਨ ਸਿੰਘ ਬਰਾੜ, ਜਗਮੋਹਨ ਸਿੰਘ, ਝੰਡਾ ਸਿੰਘ ਜੇਠੂਕੇ, ਲਖਬੀਰ ਸਿੰਘ ਨਿਜਾਮਪੁਰ, ਮਹਾਂਵੀਰ ਸਿੰਘ ਗਿੱਲ, ਕਸ਼ਮੀਰ ਸਿੰਘ ਮੱਖੂ, ਕੁਲਵੰਤ ਸਿੰਘ ਮੌਲਵੀਵਾਲਾ, ਜਸਵੀਰ ਸਿੰਘ ਝੱਜ, ਚਮਕੌਰ ਸਿੰਘ, ਐਡਵੋਕੇਟ ਰਾਜਵਿੰਦਰ ਸਿੰਘ ਰਾਣਾ, ਮੁਕੰਦ ਸਿੰਘ, ਸਤਵੰਤ ਸਿੰਘ ਖੰਡੇਬਾਦ, ਗੁਰਮੀਤ ਸਿੰਘ ਮਹਿਮਾ, ਸੂਰਤ ਸਿੰਘ ਧਰਮਕੋਟ ਆਦਿ ਹਾਜ਼ਰ ਸਨ | ਇਸੇ ਦੌਰਾਨ ਕਿਸਾਨ ਆਗੂ ਦਰਸ਼ਨ ਪਾਲ ਨੇ ਦੱਸਿਆ ਕਿ ਮੋਰਚੇ ਦੇ 15 ਮੈਂਬਰੀ ਵਫਦ ਨੇ ਦੁਪਹਿਰ ਨੂੰ ਕਿ੍ਸ਼ੀ ਭਵਨ ਵਿਖੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ | ਉਨ੍ਹਾ ਕਿਹਾ ਕਿ ਕੁਝ ਅਣਸੁਲਝੇ ਮੁੱਦਿਆਂ ਤੇ ਕਈ ਅਧੂਰੀ ਮੰਗਾਂ ਲਈ ਇਕ ਹੋਰ ਅੰਦੋਲਨ ਦੀ ਲੋੜ ਹੈ | ਉਨ੍ਹਾ ਕਿਹਾ ਕਿ 30 ਅਪਰੈਲ ਨੂੰ ਦਿੱਲੀ ਵਿੱਚ ਇੱਕ ਹੋਰ ਮੀਟਿੰਗ ਬੁਲਾਵਾਂਗੇ | ਸਾਰੀਆਂ ਕਿਸਾਨ ਯੂਨੀਅਨਾਂ ਨੂੰ ਆਪੋ-ਆਪਣੇ ਰਾਜਾਂ ‘ਚ ਰੈਲੀਆਂ ਕਰਨ ਅਤੇ ਪੰਚਾਇਤਾਂ ਨੂੰ ਮੀਟਿੰਗ ਕਰਨ ਲਈ ਕਿਹਾ ਗਿਆ ਹੈ |



