ਨਿਊ ਯਾਰਕ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਗੁਰਦੁਆਰੇ ਵਿਚ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ। ਅਧਿਕਾਰੀਆਂ ਨੇ ਇਸ ਘਟਨਾ ਨੂੰ ਨਫਰਤੀ ਅਪਰਾਧ ਨਾਲ ਜੋੜਨ ਤੋਂ ਇਨਕਾਰ ਕੀਤਾ ਹੈ। ਸੈਕਰਾਮੈਂਟੋ ਕਾਊਂਟੀ ਸ਼ੈਰਿਫ ਦੇ ਦਫਤਰ ਦੇ ਬੁਲਾਰੇ ਸਾਰਜੈਂਟ ਅਮਰ ਗਾਂਧੀ ਅਨੁਸਾਰ ਗੋਲੀਬਾਰੀ ਐਤਵਾਰ ਬਾਅਦ ਦੁਪਹਿਰ 2:30 ਵਜੇ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ’ਚ ਹੋਈ। ਇਹ ਘਟਨਾ ਗੁਰਦੁਆਰੇ ’ਚ ਪਹਿਲੇ ਨਗਰ ਕੀਰਤਨ ਦੌਰਾਨ ਹੋਈ। ‘ਸੈਕਰਾਮੈਂਟੋ ਬੀ’ ਅਖਬਾਰ ਦੀ ਖਬਰ ਮੁਤਾਬਕ ਗਾਂਧੀ ਨੇ ਕਿਹਾ ਕਿ ਗੁਰਦੁਆਰੇ ’ਚ ਦੋ ਬੰਦਿਆਂ ਵਿਚਾਲੇ ਲੜਾਈ ਹੋ ਗਈ। ਇਕ ਨੇ ਦੂਜੇ ਦੇ ਦੋਸਤ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਲੜਾਈ ਵਿਚ ਸ਼ਾਮਲ ਦੂਜੇ ਵਿਅਕਤੀ ਨੇ ਉਸ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਨੇ ਉਸ ਦੇ ਦੋਸਤ ਨੂੰ ਗੋਲੀ ਮਾਰੀ। ਇਸ ਮਗਰੋਂ ਉਹ ਫਰਾਰ ਹੋ ਗਿਆ। ਦੋਵੇਂ ਵਿਅਕਤੀ ਹਸਪਤਾਲ ’ਚ ਦਾਖਲ ਹਨ ਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।