ਨਵੀਂ ਦਿੱਲੀ : ਕਾਂਗਰਸ ਨੇ ਮਹੀਨਾ ਲੰਮਾ ‘ਜੈ ਭਾਰਤ ਸਤਿਆਗ੍ਰਹਿ’ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਹੜਾ ਬਲਾਕ, ਜ਼ਿਲ੍ਹਾ, ਸੂਬਾ ਤੇ ਕੌਮੀ ਪੱਧਰ ‘ਤੇ ਹੋਵੇਗਾ | ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਮੁੱਦਾ ਰਾਹੁਲ ਗਾਂਧੀ ਨਹੀਂ, ਸਗੋਂ ਜਮਹੂਰੀਅਤ ਨੂੰ ਖਤਰੇ ਦਾ ਹੈ |
ਇਸ ਦੀ ਸ਼ੁਰੂਆਤ ਮੰਗਲਵਾਰ ਸ਼ਾਮੀਂ 7 ਵਜੇ ਨਵੀਂ ਦਿੱਲੀ ‘ਚ ਲਾਲ ਕਿਲ੍ਹੇ ਤੋਂ ਟਾਊਨ ਹਾਲ ਤੱਕ ‘ਜਮਹੂਰੀਅਤ ਬਚਾਓ ਮਸ਼ਾਲ ਸ਼ਾਂਤੀ ਮਾਰਚ’ ਨਾਲ ਕਰਦਿਆਂ ਕਾਂਗਰਸ ਨੇ ਕਿਹਾ ਕਿ 19 ਪਾਰਟੀਆਂ ਨੇ ਕਾਂਗਰਸ ਦੀ ਹਮਾਇਤ ਕੀਤੀ ਹੈ ਅਤੇ ਪ੍ਰੋਟੈੱਸਟ ਦਾ ਵਿਸਤਿ੍ਤ ਪੋ੍ਰਗਰਾਮ ਉਲੀਕਿਆ ਗਿਆ ਹੈ | ਰਮੇਸ਼ ਨੇ ਕਿਹਾ ਕਿ ਰਾਹੁਲ ਦੇ ਸਾਵਰਕਰ ਬਾਰੇ ਬਿਆਨ ਨਾਲ ਅਸਹਿਮਤ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਵੀ ਉਨ੍ਹਾਂ ਪਾਰਟੀਆਂ ‘ਚ ਹੈ, ਜਿਹੜੀਆਂ ਕਾਂਗਰਸ ਦੀ ਹਮਾਇਤ ਕਰ ਰਹੀਆਂ ਹਨ |
ਕਾਂਗਰਸ ਦੇ ਇਕ ਹੋਰ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ—ਮਾਣਹਾਨੀ ਕੇਸ ਵਿਚ ਸੂਰਤ ਦੀ ਅਦਾਲਤ ਦੇ ਫੈਸਲੇ ਤੋਂ ਬਾਅਦ 24 ਘੰਟਿਆਂ ਦੇ ਵਿਚ-ਵਿਚ ਰਾਹੁਲ ਗਾਂਧੀ ਨੂੰ ਲੋਕ ਸਭਾ ਦੇ ਅਯੋਗ ਠਹਿਰਾ ਦਿੱਤਾ ਗਿਆ | ਰਾਹੁਲ ਨੇ ਅਯੋਗ ਠਹਿਰਾਏ ਜਾਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇ ਉਸ ਦੇ ਬਾਅਦ 24 ਘੰਟਿਆਂ ਦੇ ਵਿਚ-ਵਿਚ ਉਨ੍ਹਾ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦਾ ਨੋਟਿਸ ਦੇ ਦਿੱਤਾ ਗਿਆ | ਲੋਕ ਸਭਾ ਦੇ ਸਕੱਤਰੇਤ ਦੀ ਸਪੀਡ ਹੈਰਾਨ ਕਰਨ ਵਾਲੀ ਰਹੀ, ਪਰ ਉਹ ਨਹੀਂ ਜਾਣਦੇ ਕਿ ਰਾਹੁਲ ਗਾਂਧੀ ਘਰ ਖਾਲੀ ਕਰਨ ਬਾਰੇ ਚਿੰਤਤ ਨਹੀਂ | ਅਸੀਂ ਇਸ ਸਭ ਕਾਸੇ ਬਾਰੇ ਚਿੰਤਤ ਨਹੀਂ | ਪਰ ਉਹ ਜਿਸ ਤਰ੍ਹਾਂ ਸਭ ਕਰ ਰਹੇ ਹਨ, ਉਸ ਤੋਂ ਤਾਂ ਸਿਰਫ ਇਹੀ ਲੱਗਦਾ ਹੈ ਕਿ ਉਹ ਰਾਹੁਲ ਨੂੰ ਯਰਕਾਉਣਾ ਚਾਹੁੰਦੇ ਹਨ | ਅਸੀਂ ਅਜਿਹੇ ਦਾਅਪੇਚਾਂ ਨਾਲ ਯਰਕਣ ਵਾਲੇ ਨਹੀਂ |
ਰਮੇਸ਼ ਨੇ ਕਿਹਾ ਕਿ ਰਾਹੁਲ ਨੇ ਸੋਮਵਾਰ ਆਪੋਜ਼ੀਸ਼ਨ ਆਗੂਆਂ ਨਾਲ ਮੀਟਿੰਗ ਵਿਚ ਕਿਹਾ ਸੀ ਕਿ ਸਵਾਲ ਉਨ੍ਹਾ ਨੂੰ ਅਯੋਗ ਠਹਿਰਾਉਣ ਦਾ ਨਹੀਂ, ਰਾਹੁਲ ਨੂੰ ਬਚਾਉਣ ਦਾ ਨਹੀਂ, ਸਗੋਂ ਜਮਹੂਰੀਅਤ ਤੇ ਸੰਵਿਧਾਨ ਨੂੰ ਬਚਾਉਣ ਦਾ ਹੈ | ਰਮੇਸ਼ ਨੇ ਕਿਹਾ—ਸਾਡਾ ਸਵਾਲ ਇਹੀ ਹੈ ਕਿ ਅਡਾਨੀ ਤੇ ਮੋਦੀ ਵਿਚਾਲੇ ਰਿਸ਼ਤਾ ਕੀ ਹੈ | ਸਰਕਾਰ ਮਾਮਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਨਹੀਂ ਬਣਾਉਣੀ ਚਾਹੁੰਦੀ |