ਪ੍ਰਯਾਗਰਾਜ : ਸਥਾਨਕ ਅਦਾਲਤ ਨੇ ਮਾਫੀਆ ਤੋਂ ਸਿਆਸਤਦਾਨ ਬਣੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਅਤੇ ਉਸ ਦੇ ਵਕੀਲ ਸੌਲਤ ਹਨੀਫ ਤੇ ਸਾਥੀ ਦਿਨੇਸ਼ ਪਾਸੀ ਨੂੰ 25 ਜਨਵਰੀ 2005 ’ਚ ਬਸਪਾ ਦੇ ਤੱਤਕਾਲੀ ਵਿਧਾਇਕ ਰਾਜੂ ਪਾਲ ਦੇ ਕਤਲ ਕੇਸ ਦੇ ਗਵਾਹ ਉਮੇਸ਼ ਪਾਲ ਨੂੰ ਅਗਵਾ ਕਰਨ ਦੇ ਮਾਮਲੇ ’ਚ ਸ਼ੁੱਕਰਵਾਰ ਦੋਸ਼ੀ ਕਰਾਰ ਦਿੰਦਿਆਂ ਬਾਮੁਸ਼ੱਕਤ ਉਮਰ ਕੈਦ ਦੀ ਸਜ਼ਾ ਸੁਣਾਈ। 7 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ, ਜਿਨ੍ਹਾਂ ’ਚ ਅਤੀਕ ਦਾ ਭਰਾ ਖਾਲਿਦ ਅਜ਼ੀਮ ਉਰਫ ਅਸ਼ਰਫ ਵੀ ਹੈ। ਉਮੇਸ਼ ਪਾਲ ਉਦੋਂ ਜ਼ਿਲ੍ਹਾ ਪੰਚਾਇਤ ਮੈਂਬਰ ਹੁੰਦਾ ਸੀ ਤੇ ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਨੇ ਕਤਲ ਹੁੰਦਾ ਦੇਖਿਆ। ਉਸ ਨੂੰ ਨਾ ਮੁਕਰਨ ’ਤੇ ਬੰਦੂਕ ਦੀ ਨੋਕ ’ਤੇ 28 ਫਰਵਰੀ ਨੂੰ ਅਗਵਾ ਕਰ ਲਿਆ ਗਿਆ ਸੀ। ਪੁਲਸ ਨੇ ਇਸ ਮਾਮਲੇ ’ਚ 5 ਜੁਲਾਈ 2007 ’ਚ ਅਤੀਕ, ਉਸ ਦੇ ਭਰਾ ਤੇ ਹੋਰਨਾਂ ਖਿਲਾਫ ਐੱਫ ਆਈ ਆਰ ਦਰਜ ਕੀਤੀ ਸੀ। ਪੁਲਸ ਨੇ 11 ਲੋਕਾਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਇਕ ਦਿਨ ਬਾਅਦ ’ਚ ਮੌਤ ਹੋ ਗਈ ਸੀ। ਅਤੀਕ ਤੇ ਅਸ਼ਰਫ ਜੇਲ੍ਹ ਵਿਚ ਹੁੰਦਿਆਂ ਉਮੇਸ਼ ਪਾਲ ਨੂੰ ਮਾਰਨ ਦੀ ਸਾਜ਼ਿਸ਼ ’ਚ ਵੀ ਸ਼ਾਮਲ ਸਨ। ਉਮੇਸ਼ ਪਾਲ ਦੀ 24 ਫਰਵਰੀ ਨੂੰ ਪ੍ਰਯਾਗਰਾਜ ’ਚ ਉਸ ਦੇ ਘਰ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ। ਉਮੇਸ਼ ਪਾਲ ਦੀ ਪਤਨੀ ਜਯਾ ਪਾਲ ਨੇ ਅਦਾਲਤ ਦੀ ਥਾਂ ਆਪਣੇ ਘਰ ਹੀ ਫੈਸਲੇ ਦਾ ਇੰਤਜ਼ਾਰ ਕੀਤਾ।
ਇਸੇ ਦੌਰਾਨ ਸੁਪਰੀਮ ਕੋਰਟ ਨੇ ਅਤੀਕ ਅਹਿਮਦ ਦੀ ਯੂ ਪੀ ਪੁਲਸ ਦੀ ਹਿਰਾਸਤ ’ਚ ਰਹਿਣ ਦੌਰਾਨ ਸੁਰੱਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਜੇ ਜਾਨ ਦੇ ਖਤਰੇ ਦਾ ਮਾਮਲਾ ਹੈ ਤਾਂ ਉਹ ਅਲਾਹਾਬਾਦ ਹਾਈ ਕੋਰਟ ਜਾਣ।