11.3 C
Jalandhar
Sunday, December 22, 2024
spot_img

ਮਾਨ ਵੱਲੋਂ ਪੁਲਸ ਦੇ ਵਿਗਿਆਨਕ ਲੀਹਾਂ ’ਤੇ ਆਧੁਨਿਕੀਕਰਨ ਦੀ ਲੋੜ ’ਤੇ ਜ਼ੋਰ

ਮੁਹਾਲੀ : ਪੁਲਸ ਬਲ ਦੇ ਵਿਗਿਆਨਕ ਲੀਹਾਂ ਉਤੇ ਆਧੁਨਿਕੀਕਰਨ ਉਪਰ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਖਿਆ ਕਿ ਲੋਕਾਂ ਨੂੰ ਸਮੱਸਿਆਵਾਂ ਦਾ ਆਨਲਾਈਨ ਮਾਧਿਅਮ ਰਾਹੀਂ ਉਨ੍ਹਾਂ ਦੇ ਘਰਾਂ ਵਿੱਚ ਹੱਲ ਕਰਨ ਦੀ ਸਹੂਲਤ ਦੇਣੀ ਸਮੇਂ ਦੀ ਲੋੜ ਹੈ। ਇੱਥੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ ਐੱਸ ਬੀ) ਵਿੱਚ ਔਰਤਾਂ ਤੇ ਬੱਚਿਆਂ ਦੀ ਗੁੰਮਸ਼ੁਦਗੀ ਤੇ ਸ਼ੋਸ਼ਣ ਦੀ ਰਿਪੋਰਟ ਕਰਨ ਲਈ ਚੈਟ ਬੋਟ (95177-95178) ਲਾਂਚ ਕਰਦਿਆਂ ਅਤੇ ਔਰਤਾਂ ਤੇ ਬੱਚਿਆਂ ਦੇ ਅਧਿਕਾਰਾਂ ਬਾਰੇ ਵਰਕਰਸ਼ਾਪ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਸੇਵਾ ਵਿੱਚ ਅਣਗਿਣਤ ਬਲੀਦਾਨ ਦੇਣ ਦੀ ਪੰਜਾਬ ਪੁਲਸ ਦੀ ਸ਼ਾਨਾਮੱਤੀ ਵਿਰਾਸਤ ਰਹੀ ਹੈ। ਉਨ੍ਹਾ ਕਿਹਾ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਦਾ ਆਪਣਾ ਮੁੱਖ ਫ਼ਰਜ਼ ਨਿਭਾਉਂਦਿਆਂ ਪੰਜਾਬ ਪੁਲਸ ਨੇ ਹਮੇਸ਼ਾ ਦੇਸ਼ ਤੇ ਇਸ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ। ਉਹਨਾ ਕਿਹਾ ਕਿ ਬਦਲ ਰਹੇ ਹਾਲਾਤ ਵਿੱਚ ਪੁਲਸ ਬਲ ਲਈ ਚੁਣੌਤੀਆਂ ਕਈ ਗੁਣਾ ਵਧੀਆਂ ਹਨ, ਜਿਸ ਲਈ ਕਾਰਜਪ੍ਰਣਾਲੀ ਵਿੱਚ ਵਿਆਪਕ ਸੁਧਾਰ ਸਮੇਂ ਦੀ ਜ਼ਰੂਰਤ ਬਣ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ-ਵਿਵਸਥਾ ਉਤੇ ਸਖ਼ਤੀ ਨਾਲ ਨਿਗ੍ਹਾ ਰੱਖਣ ਤੋਂ ਇਲਾਵਾ ਪੁਲਸ ਬਲ ਨੂੰ ਕਮਿਊਨਿਟੀ ਪੁਲਸਿੰਗ ਉਤੇ ਵੀ ਧਿਆਨ ਦੇਣ ਦੀ ਲੋੜ ਹੈ। ਇਸ ਸਮੇਂ ਕਈ ਲੀਕ ਤੋਂ ਹਟਵੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਸਹੂਲਤ ਦੇਣ ਲਈ ਅਜਿਹੀਆਂ ਹੋਰ ਪਹਿਲਕਦਮੀਆਂ ਕਰਨ ਦੀ ਲੋੜ ਹੈ। ਅੱਜ ਵਿਗਿਆਨ ਤੇ ਤਕਨਾਲੋਜੀ ਦਾ ਯੁੱਗ ਹੈ। ਇਸ ਲਈ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਬੇੜਾ ਆਨਲਾਈਨ ਸਹੂਲਤਾਂ ਰਾਹੀਂ ਉਨ੍ਹਾਂ ਦੇ ਘਰਾਂ ਵਿੱਚ ਹੀ ਕਰਨ ਉਤੇ ਵੱਡਾ ਧਿਆਨ ਦੇਣ ਦੀ ਜ਼ਰੂਰਤ ਹੈ। ਉਹਨਾ ਕਿਹਾ ਕਿ ਸਮੁੱਚੀ ਨਿਆਂ ਪ੍ਰਣਾਲੀ ਵਿੱਚ ਸਿਰੇ ਤੋਂ ਸੁਧਾਰ ਕਰਨ ਦੀ ਲੋੜ ਹੈ ਅਤੇ ਪੁਲਸ ਇਸ ਪ੍ਰਣਾਲੀ ਦਾ ਧੁਰਾ ਹੈ, ਜਿਸ ਵਿੱਚ ਫੌਰੀ ਸੁਧਾਰਾਂ ਦੀ ਲੋੜ ਹੈ। ਉਨ੍ਹਾ ਕਿਹਾ ਕਿ ਸਾਡੇ ਪੁਲਸ ਸੁਧਾਰਾਂ ਦਾ ਮੰਤਵ ਨੈਤਿਕ ਕਦਰਾਂ-ਕੀਮਤਾਂ, ਸੱਭਿਆਚਾਰ, ਪੁਲਸ ਸੰਗਠਨ ਦੀਆਂ ਨੀਤੀਆਂ ਤੇ ਸਦਾਚਾਰ ਵਿੱਚ ਬਦਲਾਅ ਹੋਵੇਗਾ, ਤਾਂ ਕਿ ਪੁਲਸ ਜਮਹੂਰੀ ਕਦਰਾਂ-ਕੀਮਤਾਂ, ਮਨੁੱਖੀ ਅਧਿਕਾਰਾਂ ਤੇ ਕਾਨੂੰਨ ਮੁਤਾਬਕ ਆਪਣੇ ਫ਼ਰਜ਼ ਨਿਭਾ ਸਕੇ। ਉਹਨਾ ਕਿਹਾ ਕਿ ਇਸ ਦਾ ਇਕ ਮੰਤਵ ਸੁਰੱਖਿਆ ਖੇਤਰ ਦੇ ਹੋਰ ਭਾਗਾਂ ਨਾਲ ਸਿੱਝਣ ਦੇ ਪੁਲਸ ਨੂੰ ਯੋਗ ਬਣਾਉਣਾ ਹੈ, ਜਿਨ੍ਹਾਂ ਵਿੱਚ ਮੈਨੇਜਮੈਂਟ ਅਤੇ ਨਿਗਰਾਨੀ ਦੀਆਂ ਜ਼ਿੰਮੇਵਾਰੀਆਂ ਸ਼ਾਮਲ ਹਨ। ਪੁਲਸ ਤੋਂ ਕੰਮ ਦਾ ਬੋਝ ਘਟਾਉਣ ਲਈ ਪਿੰਡਾਂ ਜਾਂ ਘਰਾਂ ਦੇ ਪੱਧਰ ਉਤੇ ਸੁਲ੍ਹਾ-ਮਸ਼ਵਰਾ ਕਰਨ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਲੋੜ ਦੀ ਨਿਸ਼ਾਨਦੇਹੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਜਿੱਥੇ ਸੂਬੇ ਵਿੱਚ ਸਮਾਜਕ ਤਾਣਾ-ਬਾਣਾ ਮਜ਼ਬੂਤ ਹੋਵੇਗਾ, ਉੱਥੇ ਲੋਕਾਂ ਵਿਚਾਲੇ ਆਪਸੀ ਪਿਆਰ ਵੀ ਵਧੇਗਾ। ਇਸ ਨਾਲ ਸਮਾਜਿਕ ਬਦਨਾਮੀ ਦੇ ਵੱਖ-ਵੱਖ ਕਾਰਨਾਂ ਨੂੰ ਖ਼ਤਮ ਕਰਨ ਵਿੱਚ ਮਦਦ ਮਿਲੇਗੀ ਅਤੇ ਸਾਰਿਆਂ ਲਈ ਬਰਾਬਰ ਮੌਕਿਆਂ ਵਾਲਾ ਸਮਾਜ ਸਥਾਪਤ ਕਰਨ ਦਾ ਰਾਹ ਪੱਧਰਾ ਹੋਵੇਗਾ। ਚੈਟ ਬੋਟ ਨੂੰ ਪੁਲਸ ਪ੍ਰਣਾਲੀ ਵਿੱਚ ਸੁਧਾਰ ਲਈ ਨਿਵੇਕਲੀ ਪਹਿਲਕਦਮੀ ਦੱਸਦਿਆਂ ਉਨ੍ਹਾ ਕਿਹਾ ਕਿ ਭਾਰਤ ਵਰਗੇ ਵਿਕਾਸਸ਼ੀਲ ਮੁਲਕ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਤੇਜ਼ੀ ਨਾਲ ਹੱਲ ਕਰਨ ਲਈ ਵਟਸਐਪ ਚੈਟ ਬੋਟ ਤੇ ਹੋਰ ਆਨਲਾਈਨ ਤਰੀਕਿਆਂ ਦੀ ਲੋੜ ਹੈ। ਆਪਣੀ ਲਿਖੀ ਕਵਿਤਾ ‘ਨਾ ਤਾਂ ਮੈਨੂੰ ਜੰਮਣ ਤੋਂ ਪਹਿਲਾਂ ਹੀ ਮਾਰਿਆ ਗਿਆ, ਨਾ ਹੀ ਮੇਰੇ ਜੰਮਣ ਦਾ ਦੁੱਖ ਹੀ ਸਹਾਰਿਆ ਗਿਆ’ ਸੁਣਾਉਂਦਿਆਂ ਮੁੱਖ ਮੰਤਰੀ ਨੇ ਹਰੇਕ ਖ਼ੇਤਰ ਵਿੱਚ ਔਰਤਾਂ ਲਈ ਬਰਾਬਰ ਮੌਕਿਆਂ ਦੀ ਵਕਾਲਤ ਕੀਤੀ। ਇਸ ਤੋਂ ਪਹਿਲਾਂ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਵਿਭਾਗ ਬੱਚਿਆਂ ਨੂੰ ਹੀ ਨਹੀਂ, ਸਗੋਂ ਬਚਪਨ ਨੂੰ ਵੀ ਬਚਾਉਣ ਲਈ ਵਚਨਬੱਧ ਹੈ। ਉਨ੍ਹਾ ਕਿਹਾ ਕਿ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ ਅਤੇ ‘ਵਿੱਦਿਆ ਪ੍ਰਕਾਸ਼, ਸਕੂਲ ਵਾਪਸੀ ਦਾ ਆਗਾਜ਼’ ਇਨ੍ਹਾਂ ਵਿੱਚੋਂ ਇਕ ਹੈ, ਜਿਹੜਾ ਹੌਲੀ-ਹੌਲੀ ਸਫ਼ਲਤਾ ਦਾ ਪ੍ਰਤੀਕ ਬਣ ਰਿਹਾ ਹੈ। ਇਸ ਮੌਕੇ ਡੀ ਜੀ ਪੀ ਗੌਰਵ ਯਾਦਵ ਨੇ ਪੁਲਸ ਦੀ ਕਾਰਜਪ੍ਰਣਾਲੀ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ ਅਤੇ ਭਰੋਸਾ ਦਿਵਾਇਆ ਕਿ ਪੁਲਸ ਜਵਾਨਾਂ ਲਈ ਅਨੁਕੂਲ ਮਾਹੌਲ ਸਿਰਜਿਆ ਜਾਵੇਗਾ। ਏ ਡੀ ਜੀ ਪੀ ਗੁਰਪ੍ਰੀਤ ਕੌਰ ਦਿਓ ਨੇ ਸਮਾਗਮ ਵਿੱਚ ਪੁੱਜੀਆਂ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ।

Related Articles

LEAVE A REPLY

Please enter your comment!
Please enter your name here

Latest Articles