ਚੰਡੀਗੜ੍ਹ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਖੁਦਸਾਖਤਾ ਚੀਫ ਅੰਮਿ੍ਰਤਪਾਲ ਸਿੰਘ ਨੇ ਆਪਣੀ ਫਰਾਰੀ ਤੋਂ ਬਾਅਦ ਬੁੱਧਵਾਰ ਸੋਸ਼ਲ ਮੀਡੀਆ ’ਤੇ ਪਹਿਲੀ ਵੀਡੀਓ ਵਿਚ ਜਿਥੇ ਪੁਲਸ ਵੱਲੋਂ ਸਿੱਖ ਨੌਜਵਾਨਾਂ ਨੂੰ ਗਿ੍ਰਫਤਾਰ ਕਰਨ ਦੀ ਆਲੋਚਨਾ ਕੀਤੀ ਹੈ, ਉਥੇ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਵਿਸਾਖੀ ’ਤੇ ਸਰਬੱਤ ਖਾਲਸਾ ਸੱਦਣ ਅਤੇ ਦੇਸ਼ ਵਿਦੇਸ਼ ਤੋਂ ਸੰਗਤ ਉਸ ’ਚ ਪੁੱਜੇ। ਇਸ ਦੇ ਨਾਲ ਹੀ ਉਸ ਨੇ ਕਿਹਾਮੈਂ ਚੜ੍ਹਦੀ ਕਲਾਂ ਵਿਚ ਹਾਂ ਅਤੇ ਗਿ੍ਰਫ਼ਤਾਰੀ ਵਾਹਿਗੁਰੂ ਦੇ ਹੱਥ ਹੈ।
ਉਸ ਦੇ ਪੰਜਾਬ ਵਿਚਲੇ ਤਿੰਨਾਂ ਤਖਤਾਂ ਵਿੱਚੋਂ ਇਕ ’ਚ ਆਤਮ-ਸਮਰਪਣ ਦੀਆਂ ਅਫਵਾਹਾਂ ਦਰਮਿਆਨ ਅੰਮਿ੍ਰਤਪਾਲ ਨੇ ਆਤਮ-ਸਮਰਪਣ ਲਈ ਤਿੰਨ ਸ਼ਰਤਾਂ ਰੱਖੀਆਂ ਹਨ। ਪੁਲਸ ਸੂਤਰਾਂ ਮੁਤਾਬਕ ਪਹਿਲੀ ਸ਼ਰਤ ਇਹ ਹੈ ਕਿ ਉਸ ਨੂੰ ਕੁੱਟਿਆ ਨਾ ਜਾਵੇ, ਦੂਜੀ ਉਸ ਨੂੰ ਪੰਜਾਬ ਦੀ ਜੇਲ੍ਹ ’ਚ ਰੱਖਿਆ ਜਾਵੇ ਤੇ ਤੀਜੀ ਉਸ ਦੇ ਆਤਮ-ਸਮਰਪਣ ਨੂੰ ਗਿ੍ਰਫਤਾਰੀ ਨਾ ਸ਼ੋਅ ਕੀਤਾ ਜਾਵੇ। ਸੂਤਰਾਂ ਮੁਤਾਬਕ ਕੁਝ ਧਾਰਮਕ ਆਗੂ ਉਸ ਦੇ ਆਤਮ-ਸਮਰਪਣ ਲਈ ਜਤਨ ਕਰ ਰਹੇ ਹਨ।
ਅੰਮਿ੍ਰਤਪਾਲ ਨੇ ਵੀਡੀਓ ਵਿਚ ਇਹ ਵੀ ਕਿਹਾ ਹੈ ਕਿ ਜੇ ਸਰਕਾਰ ਦੀ ਮਨਸ਼ਾ ਉਸ ਨੂੰ ਗਿ੍ਰਫਤਾਰ ਕਰਨ ਦੀ ਹੁੰਦੀ ਤਾਂ ਘਰੋਂ ਕਰ ਸਕਦੀ ਸੀ। ਉਸ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਸਰਬੱਤ ਖਾਲਸਾ ਸੱਦਣ ਦੀ ਅਪੀਲ ਕਰਦਿਆਂ ਇਹ ਵੀ ਕਿਹਾ ਕਿ ਇਸ ਵਿਚ ਸਾਰੇ ਸਿੱਖ ਸੰਗਠਨ, ਸੰਪਰਦਾਵਾਂ ਤੇ ਟਕਸਾਲਾਂ ਵੀ ਹਿੱਸਾ ਲੈਣ। ਇਹ ਸਰਬੱਤ ਖਾਲਸਾ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਅਬਦਾਲੀ ਵੱਲੋਂ ਵੱਡਾ ਘੱਲੂਘਾਰਾ ਕਰਨ ਸਮੇਂ ਅਕਾਲ ਤਖਤ ’ਤੇ ਹੋਇਆ ਸੀ। ਉਸ ਨੇ ਅੱਗੇ ਕਿਹਾਜਿੱਥੋਂ ਤੱਕ ਗਿ੍ਰਫਤਾਰੀ ਦੀ ਗੱਲ ਹੈ, ਉਹ ਵਾਹਿਗੂਰੂ ਸੱਚੇ ਪਾਤਸ਼ਾਹ ਦੇ ਹੱਥ ਹੈ। ਮੈਂ ਚੜ੍ਹਦੀ ਕਲਾਂ ਵਿਚ ਹਾਂ। ਮੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਿਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਮਤਿਹਾਨ ਲਿਆ ਹੈ।
ਯੂ ਟਿਊਬ ਅਕਾਊਂਟ ਤੋਂ ਜਾਰੀ ਵੀਡੀਓ ਦੇ ਛੇਤੀ ਬਾਅਦ ਉਸ ਨੂੰ ਸਰਕਾਰ ਦੀ ਕਾਨੂੰਨੀ ਸ਼ਿਕਾਇਤ ਦੇ ਬਾਅਦ ਬੰਦ ਕਰ ਦਿੱਤਾ ਗਿਆ।
ਇਹ ਅਫਵਾਹ ਵੀ ਤੇਜ਼ੀ ਨਾਲ ਫੈਲੀ ਕਿ ਉਹ ਅਕਾਲ ਤਖਤ ’ਤੇ ਪਹੁੰਚ ਕੇ ਪੁਲਸ ਅੱਗੇ ਆਤਮ-ਸਮਰਪਣ ਕਰ ਸਕਦਾ ਹੈ। ਹਾਲਾਂਕਿ ਪੁਲਸ ਅਫਸਰ ਖਾਮੋਸ਼ ਰਹੇ, ਦਰਬਾਰ ਸਾਹਿਬ ਦੇ ਆਲੇ-ਦੁਆਲੇ ਵੱਡੀ ਗਿਣਤੀ ’ਚ ਪੁਲਸ ਨਜ਼ਰ ਆਈ।
ਕੁਝ ਦਿਨ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜੇ ਅੰਮਿ੍ਰਤਪਾਲ ਸਿੰਘ ਪੁਲਸ ਦੀ ਗਿ੍ਰਫਤ ਤੋਂ ਬਾਹਰ ਹੈ ਤਾਂ ਉਸ ਨੂੰ ਪੁਲਸ ਕੋਲ ਪੇਸ਼ ਹੋ ਕੇ ਜਾਂਚ ’ਚ ਸ਼ਾਮਲ ਹੋਣਾ ਚਾਹੀਦਾ ਹੈ। ਇਸੇ ਦੌਰਾਨ ਅੰਮਿ੍ਰਤਪਾਲ ਦੇ ਤਖਤ ਦਮਦਮਾ ਸਾਹਿਬ ਪੁੱਜਣ ਦੀ ਅਫਵਾਹ ਤੋਂ ਬਾਅਦ ਅਚਾਨਕ ਤਲਵੰਡੀ ਸਾਬੋ ’ਚ ਵੱਡੀ ਗਿਣਤੀ ’ਚ ਪੁਲਸ ਅਤੇ ਨੀਮ ਫੌਜੀ ਬਲ ਪੁੱਜ ਗਏ ਹਨ। ਐੱਸ ਐੱਸ ਪੀ ਗੁਲਜੀਤ ਸਿੰਘ ਖੁਰਾਣਾ ਵੀ ਮੌਕੇ ’ਤੇ ਪੁੱਜੇ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਵੀ ਭਾਰੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ। ਕਨਸੋਆਂ ਸਨ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦਿਆਂ ਅੰਮਿ੍ਰਤਪਾਲ ਸਿੰਘ ਤਖਤ ਕੇਸਗੜ੍ਹ ਸਾਹਿਬ ਵਿਖੇ ਮੀਡੀਆ ਦੇ ਸਾਹਮਣੇ ਆਤਮ-ਸਮਰਪਣ ਕਰ ਸਕਦਾ ਹੈ।
ਉਧਰ, ਹੁਸ਼ਿਆਰਪੁਰ ਜ਼ਿਲ੍ਹੇ ’ਚ ਅੰਮਿ੍ਰਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਸੰਭਾਵਤ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਪੰਜਾਬ ਪੁਲਸ ਨੇ ਵੱਡੇ ਪੱਧਰ ’ਤੇ ਘਰ-ਘਰ ਤਲਾਸ਼ੀ ਮੁਹਿੰਮ ਚਲਾਈ। ਮੰਗਲਵਾਰ ਦੇਰ ਰਾਤ ਮਰਨੀਆਂ ਪਿੰਡ ਅਤੇ ਇਸ ਦੇ ਆਸ-ਪਾਸ ਤਲਾਸ਼ੀ ਮੁਹਿੰਮ ਉਦੋਂ ਚਲਾਈ ਗਈ, ਜਦੋਂ ਪੁਲਸ ਵੱਲੋਂ ਪਿੱਛਾ ਕਰਨ ਤੋਂ ਬਾਅਦ ਕੁਝ ਸ਼ੱਕੀ ਆਪਣੀ ਕਾਰ ਛੱਡ ਕੇ ਭੱਜ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ੱਕ ਸੀ ਕਿ ਕਾਰ ’ਚ ਅੰਮਿ੍ਰਤਪਾਲ ਅਤੇ ਉਸ ਦੇ ਸਾਥੀ ਘੁੰਮ ਰਹੇ ਸਨ, ਜਿਸ ਤੋਂ ਬਾਅਦ ਪੰਜਾਬ ਪੁਲਸ ਦੇ ‘ਕਾਊਂਟਰ ਇੰਟੈਲੀਜੈਂਸ’ ਵਿੰਗ ਨੇ ਫਗਵਾੜਾ ਤੋਂ ਕਾਰ ਦਾ ਪਿੱਛਾ ਕੀਤਾ।