ਜਲੰਧਰ ਲੋਕ ਸਭਾ ਤੇ ਚਾਰ ਅਸੰਬਲੀ ਸੀਟਾਂ ਦੀਆਂ ਜ਼ਿਮਨੀ ਚੋਣਾਂ ਦਾ ਵੀ ਐਲਾਨ
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਬੁੱਧਵਾਰ ਐਲਾਨਿਆ ਕਿ 224 ਮੈਂਬਰੀ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ 10 ਮਈ ਨੂੰ ਇੱਕੋ ਗੇੜ ’ਚ ਹੋਣਗੀਆਂ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਨਤੀਜੇ 13 ਮਈ ਨੂੰ ਆਉਣਗੇ। ਕਮਿਸ਼ਨ ਮੁਤਾਬਕ ਸੂਬੇ ’ਚ 5.22 ਕਰੋੜ ਵੋਟਰ ਹਨ।
ਚੋਣ ਕਮਿਸ਼ਨ ਨੇ ਚਾਰ ਰਾਜਾਂ ਦੀਆਂ ਪੰਜ ਵਿਧਾਨ ਸਭਾ ਸੀਟਾਂ ਤੇ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵੀ 10 ਮਈ ਨੂੰ ਕਰਾਉਣ ਦਾ ਐਲਾਨ ਕੀਤਾ। ਰਾਹੁਲ ਗਾਂਧੀ ਦੀ ਵਾਇਨਾਡ ਲੋਕ ਸਭਾ ਸੀਟ ਦੀ ਚੋਣ ਦਾ ਐਲਾਨ ਨਹੀਂ ਕੀਤਾ ਗਿਆ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਖਾਲੀ ਸੀਟ ਦੀ ਚੋਣ ਕਰਾਉਣ ਲਈ 6 ਮਹੀਨੇ ਹੁੰਦੇ ਹਨ। ਟਰਾਇਲ ਕੋਰਟ ਨੇ ਰਾਹੁਲ ਨੂੰ ਉਤਲੀ ਅਦਾਲਤ ’ਚ ਅਪੀਲ ਕਰਨ ਲਈ 30 ਦਿਨ ਦਿੱਤੇ ਹਨ। ਇਸ ਕਰਕੇ ਉਹ ਅਜੇ ਉਡੀਕ ਕਰਨਗੇ।
ਕਰਨਾਟਕ ਵਿਧਾਨ ਸਭਾ ਦੀ ਮਿਆਦ 24 ਮਈ ਨੂੰ ਖਤਮ ਹੋਣੀ ਹੈ। ਇਸ ਵਾਰ ਉਥੇ ਮੁਕਾਬਲਾ ਭਾਜਪਾ, ਕਾਂਗਰਸ ਤੇ ਜਨਤਾ ਦਲ (ਸੈਕੂਲਰ) ਵਿਚਾਲੇ ਹੈ। ਪਿਛਲੀ ਵਾਰ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਗੱਠਜੋੜ ਕਰਕੇ ਲੜੇ ਸਨ।
ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ ਕਿ ਇਹ ਚੋਣ ਉਨ੍ਹਾ ਦੀ ਆਖਰੀ ਚੋਣ ਹੋਵੇਗੀ। ਉਹ ਵਰੁਣਾ ਸੀਟ ਤੋਂ ਇਲਾਵਾ ਕੋਲਾਰ ਸੀਟ ਤੋਂ ਵੀ ਲੜਨਗੇ।
ਕਾਂਗਰਸ ਦੇ ਜਲੰਧਰ ਤੋਂ ਮੈਂਬਰ ਸੰਤੋਖ ਸਿੰਘ ਚੌਧਰੀ (76) ਦੀ 14 ਜਨਵਰੀ ਨੂੰ ਮੌਤ ਕਾਰਨ ਸੀਟ ਖਾਲੀ ਹੋ ਗਈ ਸੀ। ਚੋਣ ਕਮਿਸ਼ਨ ਨੇ ਇਸ ਸੀਟ ਤੋਂ ਇਲਾਵਾ ਓਡੀਸ਼ਾ ਦੀ ਝਾਰਸੂਗੁੜਾ, ਯੂ ਪੀ ਦੇ ਛਾਨਬੇ ਤੇ ਸਵਾਰ ਅਤੇ ਮੇਘਾਲਿਆ ਦੀ ਸੋਹੀਯੋਂਗ ਵਿਧਾਨ ਸਭਾ ਸੀਟਾਂ ’ਤੇ ਵੀ 10 ਮਈ ਨੂੰ ਜ਼ਿਮਨੀ ਚੋਣ ਕਰਾਉਣ ਦਾ ਐਲਾਨ ਕੀਤਾ ਹੈ।