ਨਵੀਂ ਦਿੱਲੀ : ਰਾਮਨੌਮੀ ‘ਤੇ ਗੁਜਰਾਤ ਦੇ ਵਡੋਦਰਾ ਸ਼ਹਿਰ ‘ਚ ਫਿਰਕੂ ਹਿੰਸਾ ਭੜਕ ਗਈ, ਜਦੋਂ ਸ਼ੋਭਾ ਯਾਤਰਾ ‘ਤੇ ਪਥਰਾਅ ਹੋਇਆ | ਪੁਲਸ ਨੇ ਕਰੀਬ ਇਕ ਦਰਜਨ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ | ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੀ ਸ਼ੋਭਾ ਯਾਤਰਾ ਜਦੋਂ ਫਤਿਹਪੁਰਾ ਪਾਂਜਰੀਗਰ ਮੁਹੱਲੇ ‘ਚ ਪੁੱਜੀ ਤਾਂ ਦੋਹਾਂ ਪਾਸਿਓਾ ਪਥਰਾਅ ਹੋ ਗਿਆ | ਫਸਾਦੀਆਂ ਨੇ ਸੜਕ ‘ਤੇ ਖੜ੍ਹੇ ਵਾਹਨ ਭੰਨ-ਤੋੜ ਦਿੱਤੇ | ਪੂਰੇ ਇਲਾਕੇ ‘ਚ ਬਾਜ਼ਾਰ ਬੰਦ ਹੋ ਗਏ | ਉਧਰ, ਮਹਾਰਾਸ਼ਟਰ ਦੇ ਸ਼ਹਿਰ ਔਰੰਗਾਬਾਦ ‘ਚ ਬੁੱਧਵਾਰ ਸ਼ਾਮ ਨੌਜਵਾਨਾਂ ਦੇ ਦੋ ਗਰੁੱਪਾਂ ਵਿਚਾਲੇ ਤਕਰਾਰ ਤੋਂ ਬਾਅਦ ਹਿੰਸਾ ਭੜਕ ਗਈ | ਔਰੰਗਾਬਾਦ ਦਾ ਨਾਂਅ ਹਾਲ ਹੀ ਵਿਚ ਛਤਰਪਤੀ ਸਾਂਭਾਜੀ ਨਗਰ ਰੱਖਿਆ ਗਿਆ ਹੈ | ਘਟਨਾ ਕਿਰਾੜਪੁਰਾ ‘ਚ ਵਾਪਰੀ, ਜਿੱਥੇ ਪ੍ਰਸਿੱਧ ਰਾਮ ਮੰਦਰ ਹੈ | ਹਿੰਸਾ ਦੌਰਾਨ ਪੁਲਸ ਟੀਮ ‘ਤੇ ਹਮਲਾ ਹੋਇਆ ਤੇ ਕਈ ਵਾਹਨਾਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ | ਪੁਲਸ ਕਮਿਸ਼ਨਰ ਨਿਖਿਲ ਗੁਪਤਾ ਨੇ ਕਿਹਾ ਕਿ ਹਿੰਸਾ ‘ਚ ਪੰਜ-ਛੇ ਸੌ ਲੋਕ ਸ਼ਾਮਲ ਸਨ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ |