ਟੋਰਾਂਟੋ : ਏਜੰਟ ਦੀ ਧੋਖਾਧੜੀ ਕਾਰਨ ਦੇਸ਼-ਨਿਕਾਲੇ ਵਾਲੇ ਹੁਕਮਾਂ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਦੇ ਹੱਕ ‘ਚ ਇਮੀਗਰੇਸ਼ਨ ਐਂਡ ਰਫਿਊਜ਼ੀ ਕੈਨੇਡਾ ਦੇ ਟੋਰਾਂਟੋ ਦਫ਼ਤਰ ਦੇ ਸਾਹਮਣੇ ਮੁਜ਼ਾਹਰਾ ਕੀਤਾ ਗਿਆ | ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਆਗੂ ਵਰੁਣ ਖੰਨਾ ਨੇ ਹਰਿੰਦਰ ਸਿੰਘ ਮਹਿਰੋਕ, ਚਮਨਦੀਪ ਸਿੰਘ ਤੇ ਹੋਰਨਾਂ ਨਾਲ ਮਿਲ ਕੇ ਇਸ ਮੁਜ਼ਾਹਰੇ ਦੀ ਅਗਵਾਈ ਕੀਤੀ | ਜਲੰਧਰ ਪੁਲਸ ਨੇ ਭਾਵੇਂ ਇਸ ਮਾਮਲੇ ‘ਚ ਤਿੰਨ ਜਣਿਆਂ ਵਿਰੁੱਧ ਮਾਮਲਾ ਦਰਜ ਕਰਕੇ ਇਕ ਨੂੰ ਗਿ੍ਫਤਾਰ ਕਰ ਲਿਆ ਹੈ ਪਰ ਇਨ੍ਹਾਂ ਵਿਦਿਆਰਥੀਆਂ ਦੇ ਪੱਖ ‘ਚ ਫ਼ੈਸਲਾ ਲੈਣ ਦੀ ਮੰਗ ਨੂੰ ਲੈ ਕੇ ਇਹ ਮੁਜ਼ਾਹਰਾ ਕੀਤਾ ਗਿਆ | ਇਹ ਸੱਤ ਸੌ ਵਿਦਿਆਰਥੀ, ਜਿਨ੍ਹਾਂ ‘ਚ ਬਹੁਗਿਣਤੀ ‘ਚ ਪੰਜਾਬੀ ਹਨ, ਕਰੀਬ ਢਾਈ ਸਾਲ ਪਹਿਲਾਂ ਟੋਰਾਂਟੋ ਪੜ੍ਹਾਈ ਲਈ ਪੁੱਜੇ ਸਨ | ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਜਾਅਲੀ ਦਸਤਾਵੇਜ਼ ਏਜੰਟ ਨੇ ਲਾਏ ਪਰ ਇਸ ਦਾ ਖਮਿਆਜ਼ਾ ਹੁਣ ਇਹ ਵਿਦਿਆਰਥੀ ਭੁਗਤ ਰਹੇ ਹਨ | ਆਗੂਆਂ ਨੇ ਕਿਹਾ ਕਿ ਕੈਨੇਡੀਅਨ ਕਾਲਜਾਂ, ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਤੇ ਹੋਰ ਸਰਕਾਰੀ ਅਦਾਰਿਆਂ ਨੂੰ ਵਿਦਿਆਰਥੀਆਂ ਦੇ ਕੈਨੇਡਾ ‘ਚ ਦਾਖ਼ਲ ਹੋਣ ਤੋਂ ਪਹਿਲਾਂ ਪੇਪਰ ਦੇਖਣੇ ਚਾਹੀਦੇ ਸਨ | ਹੁਣ ਸਾਰਾ ਤੋੜਾ ਵਿਦਿਆਰਥੀਆਂ ਸਿਰ ਭੰਨ੍ਹਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ | ਉਨ੍ਹਾਂ ਮੰਗ ਕੀਤੀ ਕਿ ਕੈਨੇਡੀਅਨ ਸਰਕਾਰ ਨੂੰ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਦੇਸ਼-ਨਿਕਾਲਾ ਦੇਣ ਦੀ ਬਜਾਏ ਉਨ੍ਹਾਂ ਨੂੰ ਜ਼ਿੰਦਗੀ ‘ਚ ਅੱਗੇ ਵੱਧਣ ‘ਚ ਸਹਿਯੋਗ ਕਰਨਾ ਚਾਹੀਦਾ ਹੈ | ਇਸ ਸਮੇਂ ਰਵਿੰਦਰ ਔਲਖ, ਮਨਪ੍ਰੀਤ ਕੌਰ, ਰਮਨਜੋਤ ਕੌਰ, ਕਰਮਜੀਤ ਕੌਰ, ਰਣਵੀਰ ਸਿੰਘ, ਮਨਦੀਪ, ਬਲਦੇਵ ਰਹਿਪਾ, ਐਰਨ, ਜੈਜ, ਮਾਇਕਾ, ਕੁਲਦੀਪ ਬੋਪਾਰਾਏ ਤੇ ਚਰਨਜੀਤ ਸੰਧੂ ਨੇ ਵਿਦਿਆਰਥੀਆਂ ਦੇ ਹੱਕ ‘ਚ ਸੰਬੋਧਨ ਕੀਤਾ |