ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਪੰਜਾਬ ਸਰਕਾਰ ਤੋਂ ਵਿੱਤੀ ਖਰਚਿਆਂ ਲਈ ਮੁਕੰਮਲ ਗ੍ਰਾਂਟ ਤੇ ਕਰਜਾ ਮੁਆਫੀ ਦੀ ਮੰਗ ਲਈ ਵਿਦਿਆਰਥੀਆਂ, ਮੁਲਾਜ਼ਮਾਂ, ਅਧਿਆਪਕਾਂ ਤੇ ਪੈਨਸ਼ਨਰਾਂ ਦਾ ਚੱਲ ਰਿਹਾ ਪੱਕਾ ਮੋਰਚਾ 19ਵੇਂ ਦਿਨ ਵੀ ਜਾਰੀ ਰਿਹਾ | ਮੋਰਚੇ ਵੱਲੋਂ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਇਸ ਸੰਘਰਸ਼ ਦੀ ਹਮਾਇਤ ‘ਚ 6 ਅਪ੍ਰੈਲ ਨੂੰ ਇੱਕ ਦਿਨਾਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ | ਇਸ ਹੜਤਾਲ ਨੂੰ ਸਫਲ ਬਣਾਉਣ ਲਈ ਸ਼ੁੱਕਰਵਾਰ ਯੂਨੀਵਰਸਿਟੀ ‘ਚੋਂ ਅਧਿਆਪਕਾਂ, ਵਿਦਿਆਰਥੀਆਂ ਤੇ ਮੁਲਾਜ਼ਮਾਂ ਦੀਆਂ ਟੀਮਾਂ ਨੇ ਬਹਾਦਰਪੁਰ, ਬਰਨਾਲਾ, ਢਿੱਲਵਾਂ, ਰਾਮਪੁਰਾ ਫੂਲ ਤੇ ਜੈਤੋਂ ਦੇ ਯੂਨੀਵਰਸਿਟੀ ਕੰਸਟੀਚੂਐਂਟ ਕਾਲਜਾਂ ‘ਚ ਰੈਲੀਆਂ ਕਰਕੇ ਇਹਨਾਂ ਕਾਲਜਾਂ ਨੂੰ ਪੂਰੇ ਮਸਲੇ ਬਾਰੇ ਜਾਣੂ ਕਰਵਾਉਂਦੇ ਹੋਏ ਇਸ ਸੰਘਰਸ਼ ਦਾ ਹਿੱਸਾ ਬਣਨ ‘ਤੇ 6 ਅਪ੍ਰੈਲ ਦੀ ਹੜਤਾਲ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ | ਪਟਿਆਲਾ ਵਿਚਲੇ ਯੂਨੀਵਰਸਿਟੀ ਕੈਂਪਸ ‘ਚ ਸੰਘਰਸ਼ ਨੂੰ ਨਿਵੇਕਲੀ ਦਿੱਖ ਦਿੰਦੇ ਹੋਏ ਕਵੀ ਦਰਬਾਰ ਕਰਵਾਇਆ ਗਿਆ ਜਿੱਥੇ ਯੂਨੀਵਰਸਿਟੀ ਤੋਂ ਬਾਹਰੋਂ ਕਈ ਕਵੀ ਪਹੁੰਚੇ |
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਹ ਕੰਸਟੀਚੂਐਂਟ ਕਾਲਜ 2011 ‘ਚ ਕੇਂਦਰ ਤੇ ਪੰਜਾਬ ਸਰਕਾਰ ਦੀ ਸਾਂਝੀ ਯੋਜਨਾ ਅਧੀਨ ਖੋਲ੍ਹ ਕੇ ਪੰਜਾਬੀ ਯੂਨੀਵਰਸਿਟੀ ਨੂੰ ਚਲਾਉਣ ਲਈ ਸੌਂਪੇ ਸਨ ਤੇ ਇਹਨਾਂ ਲਈ ਵੱਖਰੀ ਗ੍ਰਾਂਟ ਦੇਣ ਦਾ ਵਾਅਦਾ ਵੀ ਕੀਤਾ ਸੀ | ਅੱਜ ਅਜਿਹੇ 13 ਕਾਲਜ ਪੱਛੜੇ ਇਲਾਕਿਆਂ ਦੇ ਕਰੀਬ 15,000 ਵਿਦਿਆਰਥੀਆਂ ਨੂੰ ਸਸਤੀ ਤੇ ਮਿਆਰੀ ਸਿੱਖਿਆ ਦੇਣ ਦਾ ਕੰਮ ਕਰਦੇ ਹਨ | ਯੂਨੀਵਰਸਿਟੀ ਦੇ ਵਿੱਤੀ ਘਾਟੇ ਦੀ ਇਹਨਾਂ ਕਾਲਜਾਂ ਉੱਪਰ ਬਹੁਤ ਮਾਰ ਪੈ ਰਹੀ ਹੈ | ਇਹ ਸਭ ਕਾਲਜ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ | ਵਿੱਤੀ ਸੰਕਟ ਕਾਰਨ ਯੂਨੀਵਰਸਿਟੀ ਇਹਨਾਂ ਕਾਲਜਾਂ ਦੀ ਗ੍ਰਾਂਟ ਨੂੰ ਵੀ ਆਪਣੇ ਖਰਚਿਆਂ ਲਈ ਵਰਤ ਰਹੀ ਹੈ | ਇਸ ਕਰਕੇ ਇਹਨਾਂ ਕਾਲਜਾਂ ਲਈ ਵੀ ਇਸ ਸੰਘਰਸ਼ ਦਾ ਹਿੱਸਾ ਬਣਨਾ ਜ਼ਰੂਰੀ ਹੈ | ਮੋਰਚੇ ਨੇ 29 ਮਾਰਚ ਨੂੰ ਯੂਨੀਵਰਸਿਟੀ ਦੀ ਸਿੰਡੀਕੇਟ ਵੱਲੋਂ ਪਾਸ ਕੀਤੇ 285 ਕਰੋੜ ਦੇ ਘਾਟੇ ਵਾਲੇ ਬਜਟ ਉੱਪਰ ਵੀ ਤਿੱਖਾ ਰੋਸ ਜਾਹਿਰ ਕੀਤਾ ਹੈ | ਕਾਲਜਾਂ ‘ਚ ਜਾਣ ਵਾਲੀਆਂ ਟੀਮਾਂ ਵਿੱਚ ਅਧਿਆਪਕਾਂ ‘ਚੋਂ ਡਾ. ਚਰਨਜੀਤ ਨੌਹਰਾ, ਡਾ. ਹਰਵਿੰਦਰ ਧਾਰੀਵਾਲ, ਡਾ. ਕੁਲਦੀਪ ਸਿੰਘ, ਡਾ. ਸੁਖਵਿੰਦਰ ਸਿੰਘ, ਡਾ. ਗੁਰਜੰਟ ਸਿੰਘ, ਮੁਲਾਜ਼ਮਾਂ ‘ਚੋਂ ਹਰਦਾਸ ਸਿੰਘ, ਕੁਲਵਿੰਦਰ ਸਿੰਘ ਅਤੇ ਵਿਦਿਆਰਥੀਆਂ ‘ਚੋਂ ਪੀ.ਐਸ.ਯੂ.(ਲਲਕਾਰ) ਦੇ ਗੁਰਪ੍ਰੀਤ, ਐਸ ਐਫ ਆਈ ਦੇ ਅੰਮਿ੍ਤਪਾਲ ਸਿੰਘ, ਪੀ ਐਸ ਯੂ ਦੇ ਅਮਨਦੀਪ ਖਿਓਵਾਲੀ, ਪੀ ਆਰ ਐਸ ਯੂ ਦੇ ਰਸ਼ਪਿੰਦਰ ਜਿੰਮੀ, ਪੀ ਐਸ ਯੂ (ਸ਼ਹੀਦ ਰੰਧਾਵਾ) ਦੇ ਬਲਵਿੰਦਰ ਸੋਨੀ, ਏ ਆਈ ਐੱਸ ਐੱਫ ਦੇ ਲਵਪ੍ਰੀਤ ਮਾੜੀਮੇਘਾ ਤੇ ਡਾਸਫੀ ਦੇ ਪ੍ਰੀਤ ਕਾਸ਼ੀ ਨੇ ਸੰਬੋਧਨ ਕੀਤਾ |