ਜਲੰਧਰ (ਗਿਆਨ ਸੈਦਪੁਰੀ)-‘ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀ ਕਵਾਇਦ ਵਿੱਚ ਲੱਗੀ ਆਰ ਐੱਸ ਐੱਸ ਦੇ ਗੋਲੇ ਅਤੇ ਸੰਪਤੀ ਲੁੱਟਣ ਵਿੱਚ ਗਲਤਾਨ ਕਾਰਪੋਰੇਟ ਘਰਾਣਿਆਂ ਦੇ ਪੱਕੇ ਆੜੀ ਮੋਦੀ ਨੂੰ ਸੱਤਾ ਤੋਂ ਪਾਸੇ ਕਰਨਾ ਬੇਹੱਦ ਜ਼ਰੂਰੀ ਹੈ ਤੇ ਇਹ ਉਸੇ ਸੂਰਤ ਵਿੱਚ ਹੀ ਹੋ ਸਕਦਾ ਹੈ ਜਦੋਂ ਖੱਬੀਆਂ ਧਿਰਾਂ ਅਤੇ ਜਮਹੂਰੀ ਤਾਕਤਾਂ ਇੱਕ ਮੰਚ ‘ਤੇ ਇਕੱਠੀਆਂ ਹੋ ਕੇ ਹੰਭਲਾ ਮਾਰਨ’ | ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕੀਤਾ | ਉਹ ਸ਼ੁੱਕਰਵਾਰ ਨੂੰ ਸੀ ਪੀ ਆਈ ਦੇ ਦਫ਼ਤਰ ਵਿੱਚ ਪਾਰਟੀ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾ ਕਿਹਾ ਕਿ ਮੋਦੀ ਅਤੇ ਆਰ ਐੱਸ ਐੱਸ ਰਲ ਕੇ ਜਿਸ ਤਰ੍ਹਾਂ ਨਫ਼ਰਤੀ ਮਾਹੌਲ ਪੈਦਾ ਕਰ ਰਹੇ ਹਨ, ਉਹ ਬਰਦਾਸ਼ਤ ਤੋਂ ਬਾਹਰ ਹੈ | ਇਨ੍ਹਾਂ ਦੇ ਦੇਸ਼ ਅਤੇ ਮਾਨਵਤਾ ਵਿਰੋਧੀ ਕਾਰਿਆਂ ਨੂੰ ਠੱਲ੍ਹ ਪਾਉਣ ਲਈ ਕਮਿਊਨਿਸਟ ਪਾਰਟੀਆਂ ਅਤੇ ਹੋਰ ਜਮਹੂਰੀ ਅਤੇ ਧਰਮ ਨਿਰਪੱਖ ਸਿਆਸੀ ਪਾਰਟੀਆਂ ਦਾ ਮਜ਼ਬੂਤ ਏਕਾ ਜ਼ਰੂਰੀ ਹੈ | ਕਾਮਰੇਡ ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਨਾਲ ਅਨੇਕਾਂ ਮੱਤਭੇਦ ਹੋਣ ਦੇ ਬਾਵਜੂਦ ਇਹ ਗੱਲ ਕਹਿਣੀ ਬਣਦੀ ਹੈ ਕਿ ਜਿੱਥੇ ਕਾਂਗਰਸ ਦੇ ਸਿਆਸੀ ਵਿਚਰਨ ਵਰਤਾਰੇ ਵਿੱਚ ਕੁਝ ਸੁਧਾਰ ਨਜ਼ਰ ਆਇਆ ਹੈ, ਉੱਥੇ ਰਾਹੁਲ ਗਾਂਧੀ ਦੀਆਂ ਸਿਆਸੀ ਤੇ ਸਮਾਜੀ ਸਰਗਰਮੀਆਂ ਨਾਲ ਕਾਂਗਰਸ ਪਾਰਟੀ ਵਿੱਚ ਉਭਾਰ ਵੀ ਆਇਆ ਹੈ | ਉਨ੍ਹਾ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਸਦਾ ਹੀ ਸਿਆਸੀ ਤੌਰ ‘ਤੇ ਸਰਗਰਮ ਰਹਿੰਦੀ ਹੈ, ਫਿਰ ਵੀ ਲੋਕਾਂ ਤੱਕ ਆਪਣੀ ਹੋਰ ਪਹੁੰਚ ਬਣਾਉਣ ਲਈ ਨੇੜ ਭਵਿੱਖ ਵਿੱਚ ਕੋਈ ਉਪਰਾਲਾ ਕੀਤਾ ਜਾਵੇਗਾ | ਇਹੋ ਜਿਹਾ ਉਪਰਾਲਾ ਇੱਕ ਮਹੀਨੇ ਦੀ ਪਦ ਯਾਤਰਾ ਵਰਗੀ ਕਿਸਮ ਦਾ ਵੀ ਹੋ ਸਕਦਾ ਹੈ | ਉਨ੍ਹਾ ਇਹ ਵੀ ਕਿਹਾ ਕਿ ਮੌਜੂਦਾ ਦੌਰ ਵਿੱਚ ਪੰਜਾਬ ਦੀ ਸਥਿਤੀ ਪੂਰੇ ਮੁਲਕ ਨਾਲੋਂ ਕੁਝ ਵੱਖਰੀ ਹੈ | ਇੱਥੇ ਕਿਸ ਤਰੀਕੇ ਦੀ ਮੁਹਿੰਮ ਕੀਤੀ ਜਾਵੇ, ਇਸ ਬਾਰੇ ਵੀ ਵਿਚਾਰ ਵਟਾਂਦਰਾ ਜਾਰੀ ਹੈ |
10 ਮਈ ਨੂੰ ਪਾਰਲੀਮੈਂਟ ਹਲਕਾ ਜਲੰਧਰ ‘ਚ ਹੋ ਰਹੀ ਜ਼ਿਮਨੀ ਚੋਣ ਦੇ ਸੰਦਰਭ ਵਿੱਚ ਗੱਲ ਕਰਦਿਆਂ ਕਮਿਊਨਿਸਟ ਆਗੂ ਨੇ ਕਿਹਾ ਕਿ ਸੀ ਪੀ ਆਈ ਦੀ ਪੰਜਾਬ ਇਕਾਈ ਦੀ ਮੀਟਿੰਗ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਦੀ ਸਲਾਹ ਨਾਲ ਕੋਈ ਫੈਸਲਾ ਲਿਆ ਜਾਵੇਗਾ | ਪਾਰਟੀ ਵਲੋਂ ਇਸ ਸੀਟ ‘ਤੇ ਚੋਣ ਲੜਨ ਜਾਂ ਕਿਸੇ ਧਿਰ ਦੀ ਹਮਾਇਤ ਦਾ ਫੈਸਲਾ ਕੇਂਦਰੀ ਲੀਡਰਸ਼ਿਪ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਲਿਆ ਜਾਵੇਗਾ |
ਮੀਟਿੰਗ ਵਿੱਚ ਪਿਛਲੇ ਕੰਮਾਂ ਦਾ ਰੀਵਿਊ, ਮੈਂਬਰਸ਼ਿਪ ਦਾ ਨਵੀਨੀਕਰਨ ਫੰਡ ਮੁਹਿੰਮ ਤੇ ਕੁਝ ਫੁਟਕਲ ਕੰਮਾਂ ‘ਤੇ ਵੀ ਵਿਚਾਰ ਵਟਾਂਦਰਾ ਹੋਇਆ | ਪਹਿਲੀ ਮਈ ਨੂੰ ਮਜ਼ਦੂਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਤੋਂ ਇਲਾਵਾ ਸਾਬਕਾ ਵਿਧਾਇਕ ਕਾਮਰੇਡ ਕੁਲਵੰਤ ਸਿੰਘ ਅਤੇ ਨਵਾਂ ਜ਼ਮਾਨਾ ਦੇ ਟਰੱਸਟੀ ਕਾਮਰੇਡ ਅੰਮਿ੍ਤ ਲਾਲ ਦੀ ਬਰਸੀ ਮਨਾਉਣ ਦਾ ਵੀ ਫ਼ੈਸਲਾ ਕੀਤਾ ਗਿਆ | 14 ਅਪ੍ਰੈਲ ਨੂੰ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਮਹਿਤਪੁਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਜਾਵੇਗਾ | ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਤਰਸੇਮ ਜੰਡਿਆਲਾ ਨੇ ਕੀਤੀ | ਕਾਰਜਕਾਰਨੀ ਦੀ ਮੀਟਿੰਗ ਵਿੱਚ ਚੰਦ ਫਤਿਹਪੁਰੀ, ਕਾਮਰੇਡ ਰਛਪਾਲ ਕੈਲੇ, ਕਾਮਰੇਡ ਰਜਿੰਦਰ ਮੰਡ ਐਡਵੋਕੇਟ, ਹਰਜਿੰਦਰ ਸਿੰਘ ਮੰਜੀ, ਕਾਮਰੇਡ ਚਰਨਜੀਤ ਥੰਮੂਵਾਲ, ਕਾਮਰੇਡ ਸੰਤੋਸ਼ ਬਰਾੜ, ਕਾਮਰੇਡ ਅਵਤਾਰ ਸਿੰਘ ਤਾਰੀ, ਵੀਰ ਕੁਮਾਰ ਅਤੇ ਸਿਕੰਦਰ ਸੰਧੂ ਵੀ ਹਾਜ਼ਰ ਸਨ |