ਕਿਊਬਕ : ਕੈਨੇਡਾ ਤੋਂ ਅਮਰੀਕਾ ‘ਚ ਗੈਰ-ਕਾਨੂੰਨੀ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 2 ਪਰਵਾਰਾਂ ਦੇ 8 ਲੋਕਾਂ ਦੀ ਮੌਤ ਹੋ ਗਈ | ਇਨ੍ਹਾਂ ‘ਚ 2 ਬੱਚੇ, ਜਿਨ੍ਹਾਂ ਦੀ ਉਮਰ ਤਿੰਨ ਸਾਲ ਤੋਂ ਵੀ ਘੱਟ ਹੈ, ਸ਼ਾਮਲ ਹਨ, ਜੋ ਕੈਨੇਡੀਆਈ ਨਾਗਰਿਕ ਹਨ | ਮਰਨ ਵਾਲਿਆਂ ‘ਚ ਇੱਕ ਪਰਵਾਰ ਭਾਰਤੀ ਸੀ | ਰਿਪੋਰਟ ਮੁਤਾਬਕ ਇਹ ਪਰਵਾਰ ਕਿਸ਼ਤੀ ਰਾਹੀਂ ਸੇਂਟ ਲਾਰੈਂਸ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ | ਪੁਲਸ ਨੇ ਵੀਰਵਾਰ ਕਿਊਬਕ ਦੇ ਇੱਕ ਇਲਾਕੇ ‘ਚ ਪਲਟੀ ਹੋਈ ਕਿਸ਼ਤੀ ਦੇ ਕੋਲ ਇਹ ਲਾਸ਼ਾਂ ਬਰਾਮਦ ਕੀਤੀਆਂ |
ਅਮਰੀਕਾ ਦੇ ਅਕਵੇਸਨੇ ਮੋਹਾਕ ਦੇ ਪੁਲਸ ਮੁਖੀ ਨੇ ਕਿਹਾ ਕਿ ਮੰਨਿਆ ਜਾ ਰਿਹਾ ਕਿ ਇਹ ਦੋ ਪਰਵਾਰ ਸਨ | ਇੱਕ ਪਰਵਾਰ ਰੋਮਾਨੀਆਈ ਮੂਲ ਦਾ ਅਤੇ ਦੂਸਰਾ ਭਾਰਤੀ ਹੈ | ਇਹ ਸਾਰੇ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ | ‘ਮਾਂਟਰੀਅਲ ਗਜਟ’ ਨੇ ਦੱਸਿਆ ਕਿ ਅਧਿਕਾਰੀ ਨੇ ਕਿਹਾ ਕਿ ਪੁਲਸ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਪਤਾ ਲਾਉਣ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨਾਲ ਕੰਮ ਕਰ ਰਹੀ ਹੈ | ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੇ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ |
ਅਸਲ ‘ਚ ਪੁਲਸ ਇੱਕ ਗੁੰਮ ਹੋਏ ਵਿਅਕਤੀ ਦੀ ਤਲਾਸ਼ ਕਰ ਰਹੀ ਸੀ, ਜਦ ਹਵਾਈ ਤਲਾਸ਼ੀ ਦੌਰਾਨ ਉਨ੍ਹਾਂ ਇਹ ਲਾਸ਼ਾਂ ਦੇਖੀਆਂ | ਲਾਸ਼ਾਂ ਦੇ ਕੋਲ ਮਿਲੀ ਕਿਸ਼ਤੀ ਉਸ ਗੁੰਮ ਹੋਏ ਵਿਅਕਤੀ ਦੀ ਦੱਸੀ ਜਾ ਰਹੀ ਹੈ | ਉਥੇ ਹੀ ਜੋ 2 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾ ਕੋਲ ਕੈਨੇਡਾ ਦੇ ਪਾਸਪੋਰਟ ਸਨ | ਪੁਲਸ ਨੇ ਦੱਸਿਆ ਕਿ ਬੁੱਧਵਾਰ ਰਾਤ ਇਲਾਕੇ ‘ਚ ਮੌਸਮ ਖਰਾਬ ਸੀ, ਜਿਸ ਕਿਸ਼ਤੀ ‘ਚ ਦੋਵੇਂ ਪਰਵਾਰ ਸਵਾਰ ਸਨ, ਉਹ ਬਹੁਤ ਛੋਟੀ ਸੀ | ਮੁਮਕਿਨ ਹੈ ਕਿ ਤੇਜ਼ ਬਾਰਿਸ਼ ਅਤੇ ਹਵਾ ਕਾਰਨ ਕਿਸ਼ਤੀ ਪਲਟ ਗਈ ਹੋਵੇ |