ਮੁੰਬਈ : ਸ਼ਿਵ ਸੈਨਾ (ਊਧਵ ਠਾਕਰੇ) ਦੇ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਧਮਕੀ ਭਰਿਆ ਸੰਦੇਸ਼ ਮਿਲਿਆ ਹੈ | ਇਸ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਤਰ੍ਹਾ ਦਿੱਲੀ ‘ਚ ਉਸ ਦੀ ਵੀ ਹੱਤਿਆ ਕਰਨ ਦੀ ਧਮਕੀ ਦਿੱਤੀ ਗਈ | ਸੰਜੈ ਰਾਊਤ ਨੇ ਇਸ ਖਿਲਾਫ਼ ਸ਼ਿਕਾਇਤ ਦਰਜ ਕਰਾਈ ਹੈ | ਮਹਾਰਾਸ਼ਟਰ ਪੁਲਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ | ਖ਼ਬਰਾਂ ਅਨੁਸਾਰ ਰਾਊਤ ਨੂੰ ਭੇਜੇ ਗਏ ਧਮਕੀ ਭਰੇ ਸੰਦੇਸ਼ ‘ਚ ਕਿਹਾ ਗਿਆ ਹੈ ਕਿ ਦਿੱਲੀ ‘ਚ ਮਿਲਿਆ ਤਾਂ ਏ ਕੇ 47 ਨਾਲ ਉਡਾ ਦੇਵਾਂਗਾ | ਨਾਲ ਹੀ ਕਿਹਾ ਕਿ ਤੂੰ ਅਤੇ ਸਲਮਾਨ ਫਿਕਸ ਹੈ | ਪੁਲਸ ਨੇ ਇਸ ਮਾਮਲੇ ‘ਚ ਪੁਣੇ ਤੋਂ ਇੱਕ ਸ਼ੱਕੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਨੂੰ ਮੁੰਬਈ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ | ਸੰਜੈ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ‘ਚ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਸਾਡੀ ਸੁਰੱਖਿਆ ਹਟਾਈ ਗਈ | ਹੁਣ ਮੈਨੂੰ ਧਮਕੀ ਮਿਲੀ ਹੈ, ਮੈਂ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ |
ਇਸ ਤੋਂ ਪਹਿਲਾਂ ਉਨ੍ਹਾ ਆਪਣੀ ਜਾਨ ਨੂੰ ਖਤਰਾ ਹੋਣ ਦੇ ਸੰਬੰਧ ‘ਚ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਪੱਤਰ ਲਿਖਿਆ ਸੀ | ਸ਼ਿਵ ਸੈਨਾ (ਊਧਵ ਬਾਲ ਠਾਕਰੇ) ਦੇ ਵਿਰੋਧੀ ਧਿਰ (ਕੌਂਸਲ) ਦੇ ਨੇਤਾ ਅੰਬਾਦਾਸ ਦਾਨਵੇ ਨੇ ਸ਼ਨੀਵਾਰ ਕਿਹਾ ਕਿ ਸੂਬਾ ਸਰਕਾਰ ਨੇ ਰਾਊਤ ਦੀ ਸੁਰੱਖਿਆ ਹਟਾ ਦਿੱਤੀ ਹੈ ਅਤੇ ਅਪੀਲ ਕੀਤੀ ਕਿ ਧਮਕੀਆਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ |
ਜ਼ਿਕਰਯੋਗ ਹੈ ਕਿ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਵੀ ਹਾਲ ਹੀ ‘ਚ ਬਿਸ਼ਨੋਈ ਗੈਂਗ ਜਾਂ ਉਸ ਦੇ ਸਾਥੀਆਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ |