317 ਦਿਨਾਂ ਬਾਅਦ ‘ਗੁਰੂ’ ਜੇਲ੍ਹ ‘ਚੋਂ ਰਿਹਾਅ

0
215

ਪਟਿਆਲਾ : ਸਾਢੇ ਤਿੰਨ ਦਹਾਕੇ ਪਹਿਲਾਂ ਪਟਿਆਲਾ ‘ਚ ਵਾਪਰੇ ਰੋਡਰੇਜ ਕੇਸ ‘ਚ 10 ਮਹੀਨੇ 11 ਦਿਨ ਦੀ ਸਜ਼ਾ ਕੱਟਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਨੀਵਾਰ ਬਾਹਰ ਆ ਗਏ ਹਨ | ਨਵਜੋਤ ਸਿੱਧੂ ਦੇ ਬਾਹਰ ਆਉਣ ਨਾਲ ਜਿੱਥੇ ਉਨ੍ਹਾ ਦੇ ਪਰਵਾਰਕ ਮੈਂਬਰਾਂ ਅਤੇ ਸਮਰਥਕਾਂ ‘ਚ ਖੁਸ਼ੀ ਦੀ ਲਹਿਰ ਹੈ, ਉਥੇ ਪੰਜਾਬ ਦਾ ਸਿਆਸੀ ਮਾਹੌਲ ਵੀ ਗਰਮਾ ਗਿਆ ਹੈ | ਉਹ ਜੇਲ੍ਹ ਤੋਂ ਕੁਝ ਦੂਰ ਤੱਕ ਪੈਦਲ ਗਏ | ਇਸ ਮੌਕੇ ਪੁਲਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਉਨ੍ਹਾ ਨੂੰ ਰੋਡਰੇਜ ਮਾਮਲੇ ‘ਚ ਸਜ਼ਾ ਸੁਣਾਈ ਗਈ ਸੀ | ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਸਰਕਾਰ ਖੌਫਜ਼ਦਾ ਹੈ | ਜਦੋਂ ਵੀ ਤਾਨਾਸ਼ਾਹੀ ਇਸ ਦੇਸ਼ ‘ਚ ਆਈ ਹੈ ਤਾਂ ਕ੍ਰਾਂਤੀ ਆਈ ਹੈ | ਉਨ੍ਹਾ ਕਿਹਾ ਕਿ ਛਾਤੀ ਠੋਕ ਕੇ ਕਹਿੰਦਾ ਹਾਂ ਕਿ ਰਾਹੁਲ ਗਾਂਧੀ ਦੇਸ਼ ‘ਚ ਹੁਣ ਕ੍ਰਾਂਤੀ ਦਾ ਨਾਂਅ ਹੈ | ਅੱਜ ਲੋਕਤੰਤਰ ਨਾਂਅ ਦੀ ਕੋਈ ਚੀਜ਼ ਨਹੀਂ ਰਹੀ | ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ | ਕੇਂਦਰ ਰਾਜਾਂ ਨੂੰ ਆਪਣੇ ਕਬਜ਼ੇ ‘ਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ | ਪੰਜਾਬ ਨੂੰ ਕਮਜ਼ੋਰ ਕਰ ਕੇ ਕੋਈ ਸਰਕਾਰ ਤਕੜੀ ਨਹੀਂ ਹੋ ਸਕਦੀ | ਉਨ੍ਹਾ ਕਿਹਾ ਕਿ ਅੱਜ ਸੰਸਥਾਵਾਂ ਗੁਲਾਮ ਹਨ | ਰਾਹੁਲ ਗਾਂਧੀ ਤੇ ਪਿ੍ਯੰਕਾ ਗਾਂਧੀ ਦੇ ਪੁਰਖਿਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ | ਅੱਜ ਉਨ੍ਹਾਂ ਪੁਰਖਿਆਂ ਦੀ ਪ੍ਰੇਰਣਾ ਨਾਲ ਰਾਹੁਲ ਦੀ ਦੇਸ਼ ਵਿੱਚ ਦਹਾੜ ਹੈ | ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਸਿੱਧੂ ਨੂੰ ਬਾਅਦ ਦੁਪਹਿਰ ਰਿਹਾਅ ਕਰ ਦਿੱਤਾ ਜਾਵੇਗਾ, ਪਰ ਉਨ੍ਹਾ ਦੀ ਰਿਹਾਈ ਸ਼ਾਮ 5.53 ਵਜੇ ਹੋਈ | ਜਦੋਂ ਉਹ ਜੇਲ੍ਹ ‘ਚੋਂ ਬਾਹਰ ਆਏ ਤਾਂ ਉਨ੍ਹਾ ਅਸਮਾਨੀ ਰੰਗ ਦੀ ਜੈਕਟ ਪਹਿਨੀ ਹੋਈ ਸੀ | ਉਨ੍ਹਾ ਨੂੰ 1988 ਵਿੱਚ ਵਾਪਰੇ ਰੋਡਰੇਜ ਮਾਮਲੇ ‘ਚ ਸੁਪਰੀਮ ਕੋਰਟ ਨੇ ਬੀਤੇ ਸਾਲ 20 ਮਈ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਸੀ |

LEAVE A REPLY

Please enter your comment!
Please enter your name here