ਕੋਲਕਾਤਾ : ਪੱਛਮੀ ਬੰਗਾਲ ਵਿਧਾਨ ਸਭਾ ਨੇ ਸੋਮਵਾਰ ਭਾਜਪਾ ਵਿਧਾਇਕਾਂ ਦੇ ਵਿਰੋਧ ਦਰਮਿਆਨ ਰਾਜਪਾਲ ਜਗਦੀਪ ਧਨਖੜ ਦੀ ਥਾਂ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਾਰੀਆਂ ਸੂਬਾਈ ਸਰਕਾਰੀ ਯੂਨੀਵਰਸਿਟੀਆਂ ਦਾ ਚਾਂਸਲਰ ਬਣਾਉਣ ਦਾ ਬਿੱਲ ਪਾਸ ਕਰ ਦਿੱਤਾ | ਸਿੱਖਿਆ ਮੰਤਰੀ ਭਰਤੀਆ ਬਾਸੂ ਨੇ ਵਿਧਾਨ ਸਭਾ ਵਿਚ ਪੱਛਮੀ ਬੰਗਾਲ ਯੂਨੀਵਰਸਿਟੀ ਕਾਨੂੰਨ ਸੋਧ ਬਿਲ 2022 ਪੇਸ਼ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਂਸਲਰ ਬਣਾਏ ਜਾਣ ਵਿਚ ਕੁਝ ਵੀ ਗਲਤ ਨਹੀਂ ਹੈ | ਉਨ੍ਹਾ ਕਿਹਾ—ਜੇ ਪ੍ਰਧਾਨ ਮੰਤਰੀ ਕੇਂਦਰੀ ਯੂਨੀਵਰਸਿਟੀ ‘ਵਿਸ਼ਵ ਭਾਰਤੀ’ ਦੇ ਚਾਂਸਲਰ ਹੋ ਸਕਦੇ ਹਨ ਤਾਂ ਸੂਬਾਈ ਯੂਨੀਵਰਸਿਟੀਆਂ ਦੇ ਚਾਂਸਲਰ ਮੁੱਖ ਮੰਤਰੀ ਕਿਉਂ ਨਹੀਂ ਹੋ ਸਕਦੇ | ਬਾਸੂ ਨੇ ਅੱਗੇ ਕਿਹਾ—ਰਾਜਪਾਲ, ਜੋ ਮੌਜੂਦਾ ਸਮੇਂ ਵਿਚ ਚਾਂਸਲਰ ਹਨ, ਨੇ ਕਈ ਮੌਕਿਆਂ ‘ਤੇ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਹੈ | 294 ਮੈਂਬਰਾਂ ਦੀ ਵਿਧਾਨ ਸਭਾ ਵਿਚ ਬਿੱਲ ਦੇ ਹੱਕ ‘ਚ 182 ਤੇ ਵਿਰੋਧ ਵਿੱਚ 40 ਵੋਟ ਪਏ | ਬਿੱਲ ਦਾ ਵਿਰੋਧ ਕਰਦਿਆਂ ਭਾਜਪਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੂੰ ਚਾਂਸਲਰ ਨਿਯੁਕਤ ਕੀਤੇ ਜਾਣ ਨਾਲ ਸੂਬੇ ਦੇ ਉੱਚ ਸਿੱਖਿਆ ਸਿਸਟਮ ਵਿਚ ਸਿਆਸੀ ਦਖਲਅੰਦਾਜ਼ੀ ਵਧੇਗੀ |



