ਧਿਆਨ ਭਟਕਾਉਣ ਲਈ ਨਫਰਤ ਦਾ ਸਹਾਰਾ ਲਿਆ ਜਾ ਰਿਹੈ : ਬਰਾੜ

0
207

ਬਹਿਰਾਮ (ਅਵਤਾਰ ਕਲੇਰ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਜ਼ਿਲ੍ਹਾ ਜਨਰਲ ਕੌਂਸਲ ਦੀ ਮੀਟਿੰਗ ਪ੍ਰੀਤਮ ਸਿੰਘ ਰਮਲਾ ਦੀ ਪ੍ਰਧਾਨਗੀ ਹੇਠ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਕੀਤੀ ਗਈ। ਮੀਟਿੰਗ ਵਿੱਚ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਜਨਰਲ ਸਕੱਤਰ ਦੇਵੀ ਕੁਮਾਰੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੀਟਿੰਗ ਵਿੱਚ ਹਾਜ਼ਰ ਸਾਥੀਆਂ ਨਾਲ ਸੂਬਾਈ ਆਗੂਆਂ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਸੀ ਪੀ ਆਈ ਸੁਤੰਤਰ ਕੁਮਾਰ, ਮੁਕੰਦ ਲਾਲ, ਪਰਵਿੰਦਰ ਮੇਨਕਾ, ਨਰੰਜਣ ਦਾਸ ਮੇਹਲੀ, ਜਸਵਿੰਦਰ ਸਿੰਘ ਭੰਗਲ ਤੇ ਜਗਤਾਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਬੰਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਸਰਮਾਏਦਾਰੀ ਦੀ ਅਗਵਾਈ ਕਰਦਾ ਅਮਰੀਕਾ ਸੰਸਾਰ ਵਿੱਚ ਸ਼ਾਂਤੀ ਦੀ ਬਜਾਏ ਅਰਾਜਕਤਾ ਵਾਲਾ ਮਾਹੌਲ ਬਣਾ ਕੇ ਛੋਟੇ ਦੇਸ਼ਾਂ ਨੂੰ ਹਥਿਆਰ ਵੇਚਣ ਲਈ ਮਜਬੂਰ ਕਰਦਾ ਹੈ। ਜਿਹਾ ਕਿ ਯੂਕਰੇਨ ਰਾਹੀਂ ਰੂਸ ਨਾਲ ਯੁੱਧ ਲੜਨਾ। ਇਸ ਨਾਲ ਸੰਸਾਰ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕੀਤਾ ਜਾ ਰਿਹਾ ਹੈ। ਇਥੇ ਭਾਰਤ ਵਿੱਚ 2014 ਤੋਂ ਲੋਕਾਂ ਨੂੰ ਪੰਦਰਾਂ-ਪੰਦਰਾਂ ਲੱਖ ਦੇਣ ਦਾ ਲਾਲੀਪਾਪ ਦੇ ਕੇ ਮੋਦੀ ਸਰਕਾਰ ਸੱਤਾ ’ਤੇ ਕਾਬਜ਼ ਹੈ। ਆਉਂਦਿਆਂ ਹੀ ਵਾਅਦਾ ਤਾਂ ਕੀ ਪੂਰਾ ਕਰਨਾ ਸੀ, ਨੋਟਬੰਦੀ ਰਾਹੀਂ ਲੋਕਾਂ ਦੀਆਂ ਹੀ ਜੇਬਾਂ ਖਾਲੀ ਕਰ ਦਿੱਤੀਆਂ ਅਤੇ ਵਿਜੈ ਮਾਲੀਆ, ਨੀਰਵ ਮੋਦੀ, ਮੇਹੁਲ ਚੋਕਸੀ ਵਰਗੇ ਸਰਮਾਏਦਾਰ ਲੋਕਾਂ ਦਾ ਅਰਬਾਂ-ਖਰਬਾਂ ਰੁਪਏ ਲੈ ਕੇ ਵਿਦੇਸ਼ ਜਾ ਬੈਠੇ, ਉਨ੍ਹਾਂ ਨੂੰ ਭਾਰਤ ਲਿਆ ਕੇ ਉਨ੍ਹਾਂ ਕੋਲੋਂ ਧਨ ਲੈਣ ਲਈ ਕੋਈ ਯਤਨ ਨਹੀਂ ਕੀਤਾ ਗਿਆ। ਹੋਰ ਤਾਂ ਹੋਰ ਆਪਣੇ ਮਿੱਤਰ ਅਡਾਨੀ ਦੇ ਦਸ ਲੱਖ ਕਰੋੜ ਰੁਪਏ ਮੁਆਫ ਕਰ ਦਿੱਤੇ। ਪੇਂਡੂ ਮਜ਼ਦੂਰਾਂ ਨੂੰ ਰਾਹਤ ਦੇਣ ਵਾਲੇ ਮਨਰੇਗਾ ਕਾਨੂੰਨ ਨੂੰ ਖਤਮ ਕਰਨ ਲਈ ਇਸ ਦੇ ਬਜਟ ਵਿਚ ਕਟੌਤੀ ਕੀਤੀ ਜਾ ਰਹੀ ਹੈ। ਕਿਸਾਨਾਂ ਨਾਲ ਕੀਤੇ ਵਾਅਦਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਕਿਸਾਨਾਂ ਨੂੰ ਕੁਦਰਤ ਦੀ ਕਰੋਪੀ ਦੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਖਰਾਬ ਹੋਈ ਫਸਲ ਦਾ ਉਚਿਤ ਮੁਆਵਜ਼ਾ ਦਿੱਤਾ ਜਾਵੇ। 2024 ਦੀਆਂ ਲੋਕ ਸਭਾ ਚੋਣਾਂ ਨੇੜੇ ਆਉਣ ’ਤੇ ਲੋਕਾਂ ਦੇ ਅਸਲ ਮੁੱਦਿਆਂ ਸਿਹਤ, ਸਿੱਖਿਆ, ਬੇਰੁਜ਼ਗਾਰੀ ਅਤੇ ਭਿ੍ਰਸ਼ਟਾਚਾਰ ਆਦਿ ਤੋਂ ਧਿਆਨ ਲਾਂਭੇ ਕਰਨ ਲਈ ਨਫਰਤੀ ਭਾਸ਼ਣਾਂ ਰਾਹੀਂ ਲੋਕਾਂ ਨੂੰ ਭੜਕਾ ਕੇ ਮੁੜ ਸੱਤਾ ਦਾ ਸੁਪਨਾ ਲਿਆ ਜਾ ਰਿਹਾ ਹੈ, ਜਿਸ ’ਤੇ ਮਾਣਯੋਗ ਸੁਪਰੀਮ ਕੋਰਟ ਨੂੰ ਵੀ ਟਿੱਪਣੀ ਕਰਨੀ ਪਈ ਹੈ। ਉਨ੍ਹਾ ਕਿਹਾ ਕਿ ਪੰਦਰਾਂ ਅਪ੍ਰੈਲ ਤੋਂ ਪੰਦਰਾਂ ਮਈ ਤੱਕ ਪੰਜਾਬ ਦੇ ਪਿੰਡਾਂ ਵਿਚ ਲੋਕ ਚੇਤਨਾ ਮਾਰਚ ਕਰਕੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਛੋਟੇ ਕਾਰੋਬਾਰੀਆਂ ਵਿਰੋਧੀ ਨੀਤੀਆਂ ਪ੍ਰਤੀ ਚੇਤੰਨ ਕੀਤਾ ਜਾਵੇਗਾ।
ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਸਕੱਤਰ ਦੇਵੀ ਕੁਮਾਰੀ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਪੰਜਾਬ ਸਰਕਾਰ ਦੇ ਵਤੀਰੇ ’ਤੇ ਬੋਲਦਿਆਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਮਜ਼ਦੂਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਫਿਰ ਚੰਨੀ ਸਰਕਾਰ ਨੇ ਮਜ਼ਦੂਰਾਂ ਨਾਲ ਹੇਜ ਜਤਾ ਕੇ ਕੋਈ ਗੱਲ ਨਹੀਂ ਕੀਤੀ। ਉਨ੍ਹਾ ਪਿਛਲੀਆਂ ਸਰਕਾਰਾਂ ਤੋਂ ਅੱਕ ਕੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਇਸ ਉਮੀਦ ਨਾਲ ਭਾਰੀ ਬਹੁਮਤ ਨਾਲ ਸੱਤਾ ਸੰਭਾਲੀ ਕਿ ਇਹ ਪੇਂਡੂ ਮਜ਼ਦੂਰਾਂ ਦੀਆਂ ਬੁਨਿਆਦੀ ਮੰਗਾਂ ਵੱਲ ਧਿਆਨ ਦੇਵੇਗੀ। ਮਜ਼ਦੂਰਾਂ ਨੇ ਆਪਣੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤੇ, ਸੰਗਰੂਰ ਵਿੱਚ ਰੈਲੀ ਕੀਤੀ, ਜਿਸ ਵਿਚ ਮਜ਼ਦੂਰਾਂ ’ਤੇ ਲਾਠੀਚਾਰਜ ਵੀ ਕੀਤਾ, ਜਿਸ ਦੀ ਹਰ ਪਾਸਿਓਂ ਨਿੰਦਾ ਹੋਈ। ਭਗਵੰਤ ਮਾਨ ਨੇ ਮਜ਼ਦੂਰ ਆਗੂਆਂ ਨਾਲ ਸੱਤ ਵਾਰ ਮਿਲਣ ਦਾ ਸਮਾਂ ਦਿੱਤਾ, ਜਿਹੜਾ ਕਿ ਅੱਜ ਤੱਕ ਨਹੀਂ ਆਇਆ। ਉਨ੍ਹਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਮਜ਼ਦੂਰਾਂ ਵਿੱਚ ਵਧਦੀ ਬੇਚੈਨੀ ਦੂਰ ਕੀਤੀ ਜਾਵੇ। ਅਠਾਰਾਂ ਸਾਲ ਪਹਿਲਾਂ ਮਜ਼ਦੂਰਾਂ ਲਈ ਸਾਲ ਵਿੱਚ ਸੌ ਦਿਨ ਕੰਮ ਦੇਣ ਦੀ ਗਰੰਟੀ ਲਈ ਬਣਿਆ ਮਨਰੇਗਾ ਦਾ ਕਾਨੂੰਨ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਹੋ ਸਕਿਆ। ਉਨ੍ਹਾ ਮੰਗ ਕੀਤੀ ਕਿ ਮਨਰੇਗਾ ਕਾਨੂੰਨ ਰਾਹੀਂ ਪੂਰਾ ਸਾਲ ਕੰਮ ਤੇ ਸੱਤ ਸੌ ਰੁਪਏ ਦਿਹਾੜੀ ਦਿੱਤੀ ਜਾਵੇ ਅਤੇ ਆਨਲਾਈਨ ਹਾਜ਼ਰੀ ਦੀ ਬਜਾਏ ਆਫ ਲਾਈਨ ਸਿਸਟਮ ਹੀ ਚਲਾਇਆ ਜਾਵੇ, ਕਿਉਂਕਿ ਜ਼ਿਆਦਾਤਰ ਮਜ਼ਦੂਰ ਅਨਪੜ੍ਹ ਹਨ। ਮਾਈਕਰੋ ਫਾਇਨਾਂਸ ਕੰਪਨੀਆਂ ਸਮੇਤ ਮਜ਼ਦੂਰਾਂ ਦੇ ਹਰ ਤਰ੍ਹਾਂ ਦੇ ਕਰਜ਼ਿਆਂ ’ਤੇ ਲੀਕ ਮਾਰੀ ਜਾਵੇ। ਸੁਧਾਰਾਂ ਦੇ ਨਾਂਅ ’ਤੇ ਗਰੀਬ ਮਜ਼ਦੂਰਾਂ ਦੇ ਕੱਟੇ ਗਏ ਰਾਸ਼ਨ ਕਾਰਡ ਸਮੇਤ ਹੋਰ ਲੋੜਵੰਦਾਂ ਦੇ ਬਣਾਏ ਜਾਣ। ਬੇਘਰੇ ਮਜ਼ਦੂਰਾਂ ਨੂੰ ਦਸ-ਦਸ ਮਰਲੇ ਦੇ ਪਲਾਟ ਤੇ ਘਰ ਬਣਾਉਣ ਲਈ ਪੰਜ ਲੱਖ ਰੁਪਏ ਬਿਨਾਂ ਵਿਆਜ ਗ੍ਰਾਂਟ ਦਿੱਤੀ ਜਾਵੇ। ਉਸਾਰੀ ਮਜ਼ਦੂਰਾਂ ਦੀ ਭਲਾਈ ਲਈ ਬਣੇ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ। ਅੰਤ ’ਚ ਉਨ੍ਹਾ ਮਜ਼ਦੂਰ ਜਮਾਤ ਨੂੰ ਜਥੇਬੰਦ ਹੋਣ ਦਾ ਸੱਦਾ ਦਿੱਤਾ।
ਹੋਰਨਾਂ ਤੋਂ ਇਲਾਵਾ ਸੀਲਾ ਸੰਘਾ ਸਾਥੀਆਂ ਸਮੇਤ ਹਾਜ਼ਰ ਹੋਏ। ਉਪਿੰਦਰ ਰਾਣਾ, ਨਰਿੰਦਰ ਕੁਮਾਰ ਕਾਲੀਆ, ਜਰਨੈਲ ਸਿੰਘ ਪਨਾਮ, ਬਲਜਿੰਦਰ ਸਿੰਘ, ਮਹਿੰਗਾ ਸਿੰਘ ਫਿਰਨੀ ਮਜਾਰਾ, ਦਲਜੀਤ ਸਿੰਘ ਸੁੱਜੋਂ, ਬਲਵੀਰ ਸਿੰਘ ਮਹਿਤਪੁਰ, ਦਸੌਂਧਾ ਸਿੰਘ, ਜਸਵਿੰਦਰ ਲਾਲ, ਗੁਰਿੰਦਰ ਲਾਲ, ਹੁਸਨ ਲਾਲ ਰਾਹੋਂ ਤੋਂ ਸਾਥੀਆਂ ਸਮੇਤ, ਡਾ. ਜੋਗਿੰਦਰ ਸਿੰਘ ਚਣਕੋਈ, ਭਗਤ ਸਿੰਘ ਮੌਜੋਵਾਲ, ਧਰਮ ਪਾਲ ਸਿਆਣਾ ਸਾਥੀਆਂ ਸਮੇਤ, ਹੁਸਨ ਲਾਲ, ਅਮਰਜੀਤ ਮੇਹਲੀ, ਗੁਰਮੁਖ ਸਿੰਘ ਫਰਾਲਾ ਤੇ ਗੁਰਮੇਲ ਲਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here