ਨਵੀਂ ਦਿੱਲੀ : ਸ੍ਰੀਲੰਕਾ ਦੇ ਇਕ ਵੱਡੇ ਪਾਵਰ ਪ੍ਰੋਜੈਕਟ ਨੂੰ ਸਿੱਧਾ ਭਾਰਤ ਦੇ ਗੌਤਮ ਅਡਾਨੀ ਗਰੁੱਪ ਨੂੰ ਦੇਣ ਲਈ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਬਾਅ ਪਾਉਣ ਦਾ ਦਾਅਵਾ ਕਰਨ ਵਾਲੇ ਸੀਨੀਅਰ ਸ੍ਰੀਲੰਕਾਈ ਅਧਿਕਾਰੀ ਨੇ ਅਸਤੀਫਾ ਦੇ ਦਿੱਤਾ ਹੈ | ਰਾਸ਼ਟਰਪਤੀ ਗੋਟਾਬਾਯਾ ਵੱਲੋਂ ਇਸ ਦਾ ਜ਼ੋਰਦਾਰ ਖੰਡਨ ਕਰਨ ਤੋਂ ਬਾਅਦ ਅਧਿਕਾਰੀ ਨੇ ਆਪਣਾ ਦਾਅਵਾ ਵਾਪਸ ਲੈ ਲਿਆ ਸੀ, ਪਰ ਉਸ ਤੋਂ ਬਾਅਦ ਅਚਾਨਕ ਅਸਤੀਫਾ ਦੇ ਦਿੱਤਾ |
ਸ੍ਰੀਲੰਕਾ ਦੇ ਸੀਲੋਨ ਇਲੈਕਟ੍ਰੀਸਿਟੀ ਬੋਰਡ ਦੇ ਚੇਅਰਮੈਨ ਐੱਮ ਐੱਮ ਸੀ ਫਰਡੀਨੈਂਡੋ ਨੇ ਸ਼ੁੱਕਰਵਾਰ ਇਕ ਸੰਸਦੀ ਪੈਨਲ ਨੂੰ ਦੱਸਿਆ ਸੀ ਕਿ ਰਾਸ਼ਟਰਪਤੀ ਨੇ ਉਸ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਨਾਰ ਜ਼ਿਲ੍ਹੇ ਵਿਚ 500 ਮੈਗਾਵਾਟ ਦੇ ਪੌਣ ਊਰਜਾ ਪ੍ਰੋਜੈਕਟ ਨੂੰ ਸਿੱਧੇ ਅਡਾਨੀ ਗਰੁੱਪ ਨੂੰ ਦੇਣ ਲਈ ਦਬਾਅ ਬਣਾਇਆ ਸੀ | ਟਵਿੱਟਰ ‘ਤੇ ਪੋਸਟ ਕੀਤੇ ਗਏ ਇਕ ਵੀਡੀਓ ਵਿਚ ਫਰਡੀਨੈਂਡੋ ਨੂੰ ਸੰਸਦੀ ਕਮੇਟੀ ਦੀ ਖੁੱਲ੍ਹੀ ਸੁਣਵਾਈ ਦੌਰਾਨ ਇਹ ਦਾਅਵਾ ਕਰਦਿਆਂ ਦਿਖਾਇਆ ਗਿਆ ਕਿ ਰਾਸ਼ਟਰਪਤੀ ਗੋਟਾਬਾਯਾ ਨੇ ਉਸ ਨੂੰ ਦੱਸਿਆ ਕਿ ਉਹ ਮੋਦੀ ਦੇ ਦਬਾਅ ਵਿਚ ਸਨ | ਇਕ ਦਿਨ ਬਾਅਦ ਗੋਟਾਬਾਯਾ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਫਰਡੀਨੈਂਡੋ ਦੇ ਬਿਆਨ ਦਾ ਖੰਡਨ ਕਰਦੇ ਹਨ | ਇਸ ਤੋਂ ਬਾਅਦ ਫਰਡੀਨੈਂਡੋ ਨੇ ਅਸਤੀਫੇ ਦਾ ਐਲਾਨ ਕਰਦਿਆਂ ਅਖਬਾਰ ‘ਦੀ ਮਾਰਨਿੰਗ’ ਨੂੰ ਦੱਸਿਆ ਕਿ ਉਹ ਆਪਣੇ ਬਿਆਨ ਬਾਰੇ ਮੁਆਫੀ ਮੰਗਦੇ ਹਨ | ਅਣਕਿਆਸੇ ਦਬਾਅ ਤੇ ਭਾਵਨਾਵਾਂ ਕਾਰਨ ਉਹ ਭਾਰਤੀ ਪ੍ਰਧਾਨ ਮੰਤਰੀ ਦਾ ਨਾਂਅ ਲੈਣ ਲਈ ਮਜਬੂਰ ਹੋ ਗਏ ਸਨ |
ਅਡਾਨੀ ਗਰੁੱਪ ਨੂੰ ਠੇਕਾ ਦੇਣ ਦਾ ਵਿਵਾਦ ਸ੍ਰੀਲੰਕਾ ਵੱਲੋਂ ਕਾਨੰੂਨ ਵਿਚ ਤਬਦੀਲੀ ਕਰਕੇ ਬੋਲੀ ਦੀ ਥਾਂ ਸਿੱਧਾ ਠੇਕਾ ਦੇਣ ਦਾ ਫੈਸਲਾ ਕੀਤੇ ਜਾਣ ਦੇ ਬਾਅਦ ਸ਼ੁਰੂ ਹੋਇਆ | ਆਪੋਜ਼ੀਸ਼ਨ ਪਾਰਟੀਆਂ ਨੇ ਦੋਸ਼ ਲਾਇਆ ਕਿ ਅਡਾਨੀ ਗਰੁੱਪ ਨੂੰ ਫਾਇਦਾ ਪਹੁੰਚਾਉਣ ਲਈ ਕਾਨੂੰਨ ਬਦਲਿਆ ਗਿਆ |
ਅਡਾਨੀ ਗਰੁੱਪ ਨੂੰ ਮੰਨਾਰ ਤੇ ਪੂਨੇਰਿਨ ਵਿਚ ਪੌਣ ਊਰਜਾ ਦੇ ਦੋ ਪ੍ਰੋਜੈਕਟਾਂ ਦੇ ਠੇਕੇ ਮਿਲੇ ਹਨ | ਗਰੁੱਪ ਦੇ ਮੁਖੀ ਗੌਤਮ ਅਡਾਨੀ ਨੇ ਪਿਛਲੇ ਸਾਲ ਅਕਤੂਬਰ ਵਿਚ ਸ੍ਰੀਲੰਕਾ ਦਾ ਦੌਰਾ ਕੀਤਾ ਸੀ ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤਾਂ ਕੀਤੀਆਂ ਸਨ |