ਰਾਹੁਲ ਕਾਂਗਰਸ ਸੈਨਾ ਨਾਲ ਪੁੱਜੇ ਈ ਡੀ ਦਫਤਰ

0
293

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ‘ਨੈਸ਼ਨਲ ਹੈਰਾਲਡ’ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ‘ਚ ਸੋਮਵਾਰ ਈ ਡੀ ਅੱਗੇ ਪੇਸ਼ ਹੋਏ | ਇਸ ਮੌਕੇ ਰਾਹੁਲ ਨੂੰ ਸਮਰਥਨ ਦਿੰਦਿਆਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਅਤੇ ਵੱਡੀ ਗਿਣਤੀ ‘ਚ ਵਰਕਰ ਵੀ ਈ ਡੀ ਦਫਤਰ ਪੁੱਜੇ | ਰਾਹੁਲ ਗਾਂਧੀ ਈ ਡੀ ਦਫਤਰ ਜਾਣ ਸਮੇਂ ਕਾਂਗਰਸ ਦਫਤਰ ਤੋਂ ਕੁਝ ਦੂਰ ਤੱਕ ਪੈਦਲ ਗਏ | ਪੁਲਸ ਨੇ ਇਸ ਦੌਰਾਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਰੋਕ ਦਿੱਤਾ | ਰਾਹੁਲ ਦਾ ਕਾਫਲਾ ਸਵੇਰੇ 11 ਵਜੇ ਦੇ ਕਰੀਬ ਈ ਡੀ ਦਫਤਰ ਪੁੱਜਾ |
ਇਸ ਤੋਂ ਪਹਿਲਾਂ ਪਾਰਟੀ ਵੱਲੋਂ ਐਲਾਨੇ ਮਾਰਚ ਦੇ ਮੱਦੇਨਜ਼ਰ ਪੁਲਸ ਨੇ ਕਈ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਪਾਰਟੀ ਦਫਤਰ ਦੁਆਲੇ ਧਾਰਾ 144 ਲਗਾ ਦਿੱਤੀ | ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਈ ਡੀ ਨੂੰ ਭਾਜਪਾ ਦਾ ‘ਚੋਣ ਮੈਨੇਜਮੈਂਟ ਵਿਭਾਗ’ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਕਾਂਗਰਸ ਦੇ ‘ਸਤਿਆਗ੍ਰਹਿ’ ਨੂੰ ਰੋਕਣ ਲਈ ਨਵੀਂ ਦਿੱਲੀ ਇਲਾਕੇ ਵਿਚ ਅਣਐਲਾਨਿਆ ਆਪਾਤਕਾਲ ਲਗਾ ਦਿੱਤਾ ਹੈ | ਰਾਹੁਲ ਗਾਂਧੀ ਦੀ ਪੇਸ਼ੀ ਨੂੰ ਦੇਖਦਿਆਂ ਕਾਂਗਰਸ ਨੇ ਮੁਲਕ ਵਿਚ ਈ ਡੀ ਦਫਤਰਾਂ ਦੇ ਬਾਹਰ ‘ਸਤਿਆਗ੍ਰਹਿ’ ਦਾ ਫੈਸਲਾ ਕੀਤਾ ਸੀ ਅਤੇ ਦਿੱਲੀ ਵਿੱਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਦੀ ਤਿਆਰੀ ਵਿੱਢੀ ਸੀ | ਦੇਸ਼-ਭਰ ਵਿਚ ਕਾਂਗਰਸੀਆਂ ਨੇ ਪ੍ਰਦਰਸ਼ਨ ਵੀ ਕੀਤੇ |
ਪੁਲਸ ਵੱਲੋਂ ਅਸ਼ੋਕ ਗਹਿਲੋਤ, ਕੇ ਸੀ ਵੇਣੂਗੋਪਾਲ, ਰਣਦੀਪ ਸੂਰਜੇਵਾਲਾ, ਸੀਨੀਅਰ ਆਗੂ ਹਰੀਸ਼ ਰਾਵਤ, ਜੈਰਾਮ ਰਮੇਸ਼ ਅਤੇ ਕਈ ਹੋਰ ਆਗੂਆਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਪਿ੍ਅੰਕਾ ਗਾਂਧੀ ਨੇ ਤੁਗਲਕ ਰੋਡ ਥਾਣੇ ਪੁੱਜ ਕੇ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ | ਪਾਰਟੀ ਸੂਤਰਾਂ ਨੇ ਦੱਸਿਆ ਕਿ ਪੁਲਸ ਨਾਲ ਹੋਈ ਖਿੱਚਧੂਹ ਕਾਰਨ ਵੇਣੂਗੋਪਾਲ ਦੀ ਤਬੀਅਤ ਵਿਗੜ ਗਈ ਸੀ ਅਤੇ ਉਨ੍ਹਾ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ | ਹਾਲਾਂਕਿ ਬਾਅਦ ਵਿਚ ਉਨ੍ਹਾ ਦੀ ਸਿਹਤ ਵਿਚ ਸੁਧਾਰ ਹੋ ਗਿਆ |

LEAVE A REPLY

Please enter your comment!
Please enter your name here