ਨਵੀਨੀਕਰਨ ਤੋਂ ਬਾਅਦ ਗੁਰੂ ਤੇਗ ਬਹਾਦਰ ਮਿਊਜ਼ੀਅਮ ਲੋਕਾਂ ਨੂੰ ਸਮਰਪਤ

0
229

ਸ੍ਰੀ ਆਨੰਦਪੁਰ ਸਾਹਿਬ
(ਅਰਵਿੰਦਰ ਸਿੰਘ ਬਿੰਦੀ)
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨਵੀਨੀਕਰਨ ਤੋਂ ਬਾਅਦ ਗੁਰੂ ਤੇਗ ਬਹਾਦਰ ਮਿਊਜ਼ੀਅਮ ਲੋਕਾਂ ਨੂੰ ਸਮਰਪਿਤ ਕੀਤਾ ਅਤੇ ਲੋਕਾਂ ਨੂੰ ਨੌਵੇਂ ਪਾਤਸ਼ਾਹ ਵੱਲੋਂ ਦਿਖਾਏ ਧਾਰਮਕ ਨਿਰਪੱਖਤਾ ਤੇ ਮਨੁੱਖਤਾ ਦੀ ਸੇਵਾ ਦੇ ਉੱਚੇ-ਸੁੱਚੇ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਆਖਿਆ।
ਇੱਥੇ ਪੰਜ ਪਿਆਰਾ ਪਾਰਕ ਵਿੱਚ ਚੱਲ ਰਹੇ ਕੰਮ ਦੀ ਸਮੀਖਿਆ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਵੱਲੋਂ ਵਰੋਸਾਇਆ ਪਵਿੱਤਰ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਸਮਾਜਕ ਬਰਾਬਰੀ ਤੇ ਧਰਮ ਨਿਰਪੱਖਤਾ ਦਾ ਧੁਰਾ ਹੈ, ਕਿਉਂਕਿ ਨੌਵੇਂ ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਉਨ੍ਹਾ ਕਿਹਾ ਕਿ ਇਹ ਮਿਊਜ਼ੀਅਮ ਨੌਵੇਂ ਪਾਤਸ਼ਾਹ ਨੂੰ ਨਿਮਾਣੀ ਜਿਹੀ ਸ਼ਰਧਾਂਜਲੀ ਹੈ, ਜਿਨ੍ਹਾਂ ਧਾਰਮਕ ਆਜ਼ਾਦੀ ਤੇ ਸੱਚ ਦੇ ਮਾਰਗ ਉਤੇ ਚੱਲਣ ਵਾਲੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਲਾਮਿਸਾਲ ਕੁਰਬਾਨੀ ਦਿੱਤੀ। ਸ੍ਰੀ ਆਨੰਦਪੁਰ ਸਾਹਿਬ ਦੇ ਨੀਂਹ ਪੱਥਰ ਨੂੰ ਭਾਰਤੀ ਇਤਿਹਾਸ ਦੀ ਕ੍ਰਾਂਤੀਕਾਰੀ ਘਟਨਾ ਦੱਸਦਿਆਂ ਉਨ੍ਹਾ ਕਿਹਾ ਕਿ ਨੌਵੇਂ ਪਾਤਸ਼ਾਹ ਨੇ ਇਸੇ ਪਵਿੱਤਰ ਧਰਤੀ ਉਤੇ ਸਮਾਜਕ ਬਰਾਬਰੀ ਤੇ ਧਾਰਮਕ ਨਿਰਪੱਖਤਾ ਦੀ ਨੀਂਹ ਰੱਖੀ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਸ ਪਵਿੱਤਰ ਧਰਤੀ ਉਤੇ ਖ਼ਾਲਸਾ ਪੰਥ ਦੀ ਨੀਂਹ ਰੱਖੀ, ਜਿਹੜੀ ਦੇਸ਼ ਵਿੱਚ ਜਾਤ-ਪਾਤ ਰਹਿਤ ਧਰਮ ਨਿਰਪੱਖ ਸਮਾਜ ਦੀ ਕਾਇਮੀ ਲਈ ਮੀਲ ਪੱਥਰ ਸਾਬਤ ਹੋਈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਇਹ ਮਿਊਜ਼ੀਅਮ ਅਤਿ-ਆਧੁਨਿਕ ਤਕਨਾਲੋਜੀ ਅਤੇ ਆਡੀਓ-ਵੀਡੀਓ ਪੇਸ਼ਕਾਰੀ ਨਾਲ ਲੈਸ ਹੋਣ ਮਗਰੋਂ ਲੋਕਾਂ ਨੂੰ ਮੁੜ ਸਮਰਪਿਤ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਗੁਰੂ ਸਾਹਿਬ ਵੱਲੋਂ ਧਰਮ ਦੀ ਰਾਖੀ ਲਈ ਦਿੱਤੇ ਬਲੀਦਾਨ ਬਾਰੇ ਵਿਸ਼ਾ-ਵਸਤੂ ਅਤੇ ਸਿੱਖਿਆਵਾਂ ਨੂੰ 2-ਡੀ ਵਰਗੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਰਾਹੀਂ ਐਨੀਮੇਸ਼ਨ ਵੀਡੀਓਜ਼, ਰੋਸ਼ਨੀਆਂ ਤੇ ਮੌਖਿਕ ਜਾਣਕਾਰੀ ਰਾਹੀਂ ਦਰਸਾਇਆ ਜਾਵੇਗਾ। ਇਸ ਸੰਬੰਧੀ ਇਕ ਮੋਬਾਇਲ ਐਪਲੀਕੇਸ਼ਨ ਵੀ ਵਿਕਸਤ ਕੀਤੀ ਗਈ ਹੈ, ਜਿਸ ਦੀ ਆਪਣੇ ਮੋਬਾਇਲ ਫੋਨ ਰਾਹੀਂ ਵਰਤੋਂ ਨਾਲ ਕੋਈ ਵੀ ਵਿਅਕਤੀ ਇੱਥੇ ਸਾਰੀ ਜਾਣਕਾਰੀ ਹਾਸਲ ਕਰ ਸਕਦਾ ਹੈ। ਧਾਰਮਕ ਸ਼ਹਿਰਾਂ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕਰਨ ਲਈ ਅਕਾਲੀ ਲੀਡਰਸ਼ਿਪ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਭਾਵੇਂ ਹਮੇਸ਼ਾ ਵੱਡੇ-ਵੱਡੇ ਦਮਗਜ਼ੇ ਮਾਰਦੇ ਹਨ, ਪਰ ਉਨ੍ਹਾ ਇਨ੍ਹਾਂ ਸ਼ਹਿਰਾਂ ਦੇ ਵਿਕਾਸ ਲਈ ਕੁਝ ਵੀ ਵਿਹਾਰਕ ਕੰਮ ਨਹੀਂ ਕੀਤਾ। ਮੁੱਖ ਮੰਤਰੀ ਨੇ ਇਕ ਹੋਰ ਐਲਾਨ ਕਰਦਿਆਂ ਕਿਹਾ ਕਿ ਬੁੱਧਵਾਰ ਨੂੰ ਸਮਾਣਾ ਵਿਖੇ ਇਕ ਹੋਰ ਟੋਲ ਪਲਾਜ਼ਾ ਬੰਦ ਕੀਤਾ ਜਾਵੇਗਾ, ਤਾਂ ਕਿ ਲੋਕਾਂ ਦੀ ਲੁੱਟ ਬੰਦ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਗੁਰਦੁਆਰਾ ਭੋਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਅਮਨ-ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ।

LEAVE A REPLY

Please enter your comment!
Please enter your name here