ਗੜ੍ਹਸ਼ੰਕਰ : ਬੀਤ ਇਲਾਕੇ ਦੇ ਪਿੰਡ ਗੜ੍ਹੀ ਮਾਨਸੋਵਾਲ ‘ਚ ਬੁੱਧਵਾਰ ਤੜਕੇ ਕਰੀਬ ਤਿੰਨ ਵਜੇ ਸੜਕ ਹਾਦਸੇ ‘ਚ ਤਿੰਨ ਜਣਿਆਂ ਦੀ ਜਾਨ ਚਲੀ ਗਈ ਤੇ ਤੇ 11 ਜ਼ਖਮੀ ਹੋ ਗਏ | ਟਰੈਕਟਰ ਟਰਾਲੀ ‘ਚ ਸਵਾਰ ਲੋਕ ਵਿਸਾਖੀ ਮੌਕੇ ਸ੍ਰੀ ਗੁਰੂ ਰਵਿਦਾਸ ਨਾਲ ਜੁੜੇ ਧਾਰਮਕ ਸਥਾਨ ਖੁਰਾਲਗੜ੍ਹ ਸਾਹਿਬ ਜਾ ਰਹੇ ਸਨ | ਜਿਲ੍ਹਾ ਲੁਧਿਆਣਾ ਦੀ ਤਹਿਸੀਲ ਸਮਰਾਲਾ ਦੇ ਪਿੰਡ ਬੋਦਲ ਦੇ ਇਨ੍ਹਾਂ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਦੇ ਪਿੱਛੇ ਪਾਣੀ ਵਾਲਾ ਖਾਲੀ ਟੈਂਕਰ ਜੋੜਿਆ ਹੋਇਆ ਸੀ | ਗੜ੍ਹੀ ਮਾਨਸੋਵਾਲ ਕੋਲ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਕਰੀਬ 100 ਫੁੱਟ ਡੂੰਘੀ ਖੱਡ ‘ਚ ਡਿੱਗ ਗਈ, ਜਿਸ ਕਰਕੇ ਇਕ ਬੱਚੇ ਸਮੇਤ 3 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 2 ਬੱਚਿਆਂ ਸਣੇ 11 ਸ਼ਰਧਾਲੂ ਜ਼ਖ਼ਮੀ ਹੋ ਗਏ | ਮਰਨ ਵਾਲਿਆਂ ‘ਚ ਸਾਧੂ ਸਿੰਘ (65), ਹੈਰੀ (15) ਅਤੇ ਜਸਵੀਰ ਸਿੰਘ ਜੱਸੀ (27) ਸ਼ਾਮਲ ਹਨ |





