ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਆਈ ਪੀ ਐੱਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਦੀ ਸੋਸ਼ਲ ਮੀਡੀਆ ’ਤੇ ਨਿਆਂਪਾਲਿਕਾ ਵਿਰੁੱਧ ਕੀਤੀ ਗਈ ਟਿੱਪਣੀ ਕਾਰਨ ਉਸ ਨੂੰ ਸਖਤ ਤਾੜਨਾ ਕਰਦਿਆਂ ਬਿਨਾਂ ਸ਼ਰਤ ਮੁਆਫੀ ਮੰਗਣ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਲਲਿਤ ਮੋਦੀ ਨੂੰ ਹੁਕਮ ਦਿੱਤਾ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਪ੍ਰਮੁੱਖ ਕੌਮੀ ਅਖਬਾਰਾਂ ਰਾਹੀਂ ਮੁਆਫੀ ਮੰਗੇ। ਜਸਟਿਸ ਐੱਮ ਆਰ ਸ਼ਾਹ ਤੇ ਜਸਟਿਸ ਸੀ ਟੀ ਰਵੀ ਕੁਮਾਰ ਦੀ ਬੈਂਚ ਨੇ ਕਿਹਾ ਕਿ ਇਹ ਦੇਖਦਿਆਂ ਕਿ ਲਲਿਤ ਮੋਦੀ ਕਾਨੂੰਨ ਤੇ ਸੰਸਥਾ ਤੋਂ ਉਪਰ ਨਹੀਂ ਹੈ, ਕੋਰਟ ਉਸ ਵੱਲੋਂ ਦਾਇਰ ਜਵਾਬੀ ਹਲਫਨਾਮੇ ਤੋਂ ਸੰਤੁਸ਼ਟ ਨਹੀਂ ਹੈ। ਬੈਂਚ ਨੇ ਉਸ ਨੂੰ ਮੁਆਫੀ ਮੰਗਣ ਤੋਂ ਪਹਿਲਾਂ ਇਹ ਹਲਫਨਾਮਾ ਦਾਇਰ ਕਰਨ ਦੀ ਹਦਾਇਤ ਕੀਤੀ ਕਿ ਭਵਿੱਖ ਵਿਚ ਅਜਿਹੀ ਕੋਈ ਪੋਸਟ ਨਹੀਂ ਪਾਈ ਜਾਏਗੀ, ਜਿਹੜੀ ਭਾਰਤੀ ਨਿਆਂਪਾਲਿਕਾ ਦਾ ਅਕਸ ਧੰੁਦਲਾ ਕਰਦੀ ਹੋਵੇ। ਇਸ ਤੋਂ ਪਹਿਲਾਂ ਮੋਦੀ ਨੇ ਬੁੱਧਵਾਰ ਟਵੀਟ ਕੀਤਾ ਸੀ-ਸਿਰਫ ਇਹ ਸਪੱਸ਼ਟ ਕਰਨ ਲਈ ਕਿ ਇਹ ਦਲਾਲ ਝੂਠ ਫੈਲਾ ਕੇ ਭਾਰਤ ਤੇ ਇਸ ਦੀ ਨਿਆਂਪਾਲਿਕਾ ਨੂੰ ਬਦਨਾਮ ਕਰਦੇ ਹਨ। ਉਹ ਦਿਖਾਵੇ ਦੇ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਤੇ ਫਿਕਸਿੰਗ ਲਈ ਪੈਸੇ ਦੀ ਮੰਗ ਕਰਦੇ ਹਨ। ਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਮੋਦੀ ਨੇ ਇਹ ਟਵੀਟ ਕਿਸ ਬਾਰੇ ਕੀਤਾ ਹੈ।




