ਜਲੰਧਰ ਦੇ ਉਦਯੋਗਪਤੀਆਂ ਤੇ ਕਾਰੋਬਾਰੀਆਂ ਵੱਲੋਂ ਮਾਨ ਨਾਲ ਮੁਲਾਕਾਤ

0
291

ਜਲੰਧਰ : ਇਥੋਂ ਦੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਜਲੰਧਰ ਇੰਡਸਟਰੀਅਲ ਐਂਡ ਟਰੇਡਰਜ਼ ਜੁਆਇੰਟ ਐਕਸ਼ਨ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਕੇ ਜਲੰਧਰ ਦੇ ਵੱਖ-ਵੱਖ ਮੁੱਦਿਆਂ ਖਾਸ ਕਰਕੇ ਉਦਯੋਗ ਖੇਤਰ ਨਾਲ ਸੰਬਧਿਤ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਮੀਟਿੰਗ ’ਚ ਜਲੰਧਰ ਇੰਡਸਟਰੀਅਲ ਐਂਡ ਟਰੇਡਰਜ਼ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਸਰਨ ਸਿੰਘ, ਜਨਰਲ ਸਕੱਤਰ ਰਾਕੇਸ਼ ਬਹਿਲ, ਜਨਰਲ ਸਕੱਤਰ ਸੁਰਜੀਤ ਚੋਪੜਾ, ਇੰਡਸਟਰੀਅਲ ਐਕਸਟੈਂਸ਼ਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੂਬਾ ਸਿੰਘ, ਪੰਜਾਬ ਲੈਦਰ ਐਸੋਸੀਏਸ਼ਨ ਤੋਂ ਸੁਵਿੰਦਰਪਾਲ ਸਿੰਘ ਵਿਰਕ, ਆਲ ਇੰਡੀਆ ਵਾਲਵਜ਼ ਐਂਡ ਕੋਕਸ ਮੈਨੂਫੈਕਚਰਜ਼ ਐਸੋਸੀਏਸ਼ਨ ਤੋਂ ਗੁਰਬਖਸ਼ ਸਿੰਘ ਜੁਨੇਜਾ ਅਤੇ ਹੁਸ਼ਿਆਰਪੁਰ ਰੋਡ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਤੋਂ ਰਾਜੇਸ਼ ਲਾਂਬਾ ਹਾਜ਼ਰ ਸਨ। ਭਗਵੰਤ ਮਾਨ ਨੇ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ‘ਆਪ’ ਸਰਕਾਰ ਵੱਲੋਂ ਚੁੱਕੇ ਉਦਯੋਗ ਪੱਖੀ ਕਦਮਾਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਉਹ ਜਾਣਦੇ ਹਨ ਕਿ ਸੂਬੇ ਦੇ ਵਿਕਾਸ ਲਈ ਉਦਯੋਗ ਇੱਕ ਪ੍ਰਮੁੱਖ ਸੈਕਟਰ ਹੈ, ਕਿਉਂਕਿ ਇਹ ਰੁਜ਼ਗਾਰ ਪੈਦਾ ਕਰਦਾ ਹੈ। ਸਾਡੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਚਾਹੀਦੇ ਹਨ, ਇਸ ਲਈ ਉਨ੍ਹਾ ਦੀ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਾਂ ਨੂੰ ਉਤਸ਼ਾਹਤ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ। ਉਨ੍ਹਾ ਕਿਹਾ ਕਿ ‘ਆਪ’ ਸਰਕਾਰ ਕਿਸੇ ਵਿਸ਼ੇਸ਼ ਖੇਤਰ ਦੇ ਲੋਕਾਂ ਤੋਂ ਸੁਝਾਅ ਲੈ ਕੇ ਹੀ ਆਪਣੀਆਂ ਨੀਤੀਆਂ ਬਣਾਉਂਦੀ ਹੈ। ਉਨ੍ਹਾ ਕਿਹਾ ਕਿ ਸਰਕਾਰ ਜਲਦ ਹੀ ਉਦਯੋਗਪਤੀਆਂ ਅਤੇ ਵਪਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗੀ। ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਉਦਯੋਗਪਤੀਆਂ, ਵਪਾਰੀਆਂ ਅਤੇ ਕਾਰੋਬਾਰੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕੋਈ ਮੁੱਖ ਮੰਤਰੀ ਉਦਯੋਗ ਨਾਲ ਸੰਬੰਧਤ ਖੇਤਰ ਨੂੰ ਆਪਣਾ ਸਮਾਂ ਅਤੇ ਧਿਆਨ ਦੇ ਰਿਹਾ ਹੈ। ਇਸ ਦੌਰਾਨ ਵਪਾਰੀਆਂ ਨੇ ਮਾਨ ਸਰਕਾਰ ਦੇ ਸਿੰਗਲ ਵਿੰਡੋ ਪਹਿਲਕਦਮੀ ਦੀ ਵੀ ਸ਼ਲਾਘਾ ਕੀਤੀ। ਵਪਾਰੀਆਂ ਨੇ ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦਿੰਦੇ ਹੋਏ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੀ ਪਹਿਲੀ ਸਰਕਾਰ ਹੈ ਜੋ ਸੂਬੇ ’ਚ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ।

LEAVE A REPLY

Please enter your comment!
Please enter your name here