ਵਾਵਰੋਲੇ ਕਾਰਨ ਭੱਠੀ ਵਾਂਗ ਤਪਦੇ ਰਹੇ ਹਜ਼ਾਰਾਂ ਲੋਕ

0
293

ਤਲਵੰਡੀ ਸਾਬੋ (ਜਗਦੀਪ ਗਿੱਲ)
ਕਈ ਵਾਰ ਕੁਝ ਘਟਨਾਵਾਂ ਏਦਾਂ ਦੀਆਂ ਵੀ ਵਾਪਰ ਜਾਂਦੀਆਂ ਹਨ, ਜੋ ਨਾ ਸਿਰਫ ਹੈਰਾਨ ਤੇ ਦੁਖੀ ਕਰਦੀਆਂ ਹਨ, ਸਗੋਂ ਕਾਫੀ ਸਮਾਂ ਭੁੱਲਦੀਆਂ ਵੀ ਨਹੀਂ |
ਬੀਤੇ ਸ਼ੁੱਕਰਵਾਰ ਉਸ ਵਕਤ ਜਦੋਂ ਮੇਲਾ ਵਿਸਾਖੀ ਦਾ ਸਿਖਰ ਚੱਲ ਰਿਹਾ ਸੀ ਤਾਂ ਇਸ ਇਤਿਹਾਸਕ ਸ਼ਹਿਰ ਦੀ ਇੱਕ ਕੰਨੀ ਉੱਪਰ ਰਾਮਾਂ ਰੋਡ ਵਾਲੇ ਪਾਸੇ ਆਏ ਇੱਕ ਵਾਵਰੋਲੇ ਨੇ ਨਾ ਸਿਰਫ ਇੱਥੋਂ ਦੇ ਹਜ਼ਾਰਾਂ ਸ਼ਹਿਰੀਆਂ ਨੂੰ ਗਰਮੀ ਵਿਚ ਅੱਗ ਦੀ ਭੱਠੀ ਵਾਂਗ ਤਪਾਈ ਰੱਖਿਆ, ਸਗੋਂ ਮਹਿਕਮਾ ਬਿਜਲੀ ਬੋਰਡ ਦੇ ਮੁਲਾਜ਼ਮਾਂ ਸਿਰ ਵੀ ਇਕ ਵੱਡੀ ਜਹਿਮਤ ਆਣ ਪਈ |
ਹੋਇਆ ਇਸ ਤਰ੍ਹਾਂ ਕਿ ਰਾਮਾਂ ਰੋਡ ਦੇ ਲਾਗਲੇ ਖੇਤਾਂ ਵਿਚ ਜਿੱਥੇ ਤਲਵੰਡੀ ਸਾਬੋ ਬਿਜਲੀ ਗਰਿੱਡ ਤੋਂ ਇੱਕ ਬਿਜਲੀ ਸਪਲਾਈ ਲਾਈਨ ਲੰਘ ਰਹੀ ਹੈ, ਕੋਲੋਂ ਇੱਕ ਵਾਵਰੋਲਾ ਏਨੀ ਜ਼ੋਰ ਨਾਲ ਉੱਠਿਆ ਕਿ ਹਵਾ ਦੀ ਘੁੰਮਣਘੇਰੀ ਨੇ ਖੇਤ ਵਿਚ ਖੜ੍ਹੀ ਪੱਕੀ ਹੋਈ ਕਣਕ ਦੀ ਫਸਲ ਦੇ ਸੁੱਕੇ ਨਾੜ ਨੂੰ ਬਿਜਲੀ ਦੀਆਂ ਤਾਰਾਂ ਉਪਰ ਵਗਾਹ ਮਾਰਿਆ | ਬੱਸ ਫਿਰ ਕੀ ਸੀ ਅੱਗ ਦੇ ਚੰਗਿਆੜੇ ਛੱਡਦੀਆਂ ਬਿਜਲੀ ਸਪਲਾਈ ਦੀਆਂ ਤਾਰਾਂ ਨੂੰ ਮਹਿਕਮੇ ਦੇ ਡਿਊਟੀ ਮੁਲਾਜ਼ਮਾਂ ਨੇ ਮੌਕੇ ਉਪਰ ਸੰਭਾਲ ਲਿਆ ਅਤੇ ਕੋਈ ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ |
ਬਿਜਲੀ ਮੁਲਾਜ਼ਮਾਂ ਦੀ ਮੌਕੇ ਉਪਰ ਪੁੱਜੀ ਟੀਮ, ਜਿਸ ਦੀ ਅਗਵਾਈ ਸ਼ਾਇਦ ਜੂਨੀਅਰ ਇੰਜੀਨੀਅਰ ਵਰਜਿੰਦਰ ਸਿੰਘ ਤੇ ਉਸ ਦਾ ਇਕ ਹੋਰ ਸਾਥੀ ਕਰ ਰਹੇ ਸਨ, ਦੇ ਬਿਜਲੀ ਕਾਮਿਆਂ ਵੱਲੋਂ ਮੇਲਾ ਵਿਸਾਖੀ ਦੇ ਚਲਦੇ ਖੰਭਿਆਂ ਉਪਰ ਝੂਟਦਿਆਂ ਕਣਕ ਦੇ ਅੱਧਸੜੇ ਨਾੜ ਨੂੰ ਤਾਰਾਂ ਉਪਰੋਂ ਉਤਾਰਿਆ ਗਿਆ | ਜ਼ਿਕਰਯੋਗ ਹੈ ਕਿ ਹਾਦਸਾ ਵਾਪਰਨ ਤੋਂ ਬਚੀ ਬਿਜਲੀ ਸਪਲਾਈ ਦੀ ਇਹ ਉਹ ਸਪਲਾਈ ਲਾਈਨ ਹੈ, ਜਿਹੜੀ ਅਕਸਰ ਹੀ ਖਰਾਬ ਰਹਿੰਦੀ ਹੈ ਅਤੇ ਦੂਜੇ-ਚੌਥੇ ਦਿਨ ਇਸ ਦੀ ਮੁਰੰਮਤ ਕਰਨ ਦੀ ਨੌਬਤ ਮੁੜ-ਮੁੜ ਆਉਂਦੀ ਹੈ | ਮੇਲਾ ਵਿਸਾਖੀ ਮੌਕੇ ਹਰ ਸਾਲ ਲਗਭਗ ਇਕ ਪੰਦਰਵਾੜਾ ਜਦੋਂ ਕਣਕ ਕਟਾਈ ਦੀ ਰੁੱਤ ਹੁੰਦੀ ਹੈ, ਉਦੋਂ ਇਸ ਸਪਲਾਈ ਲਾਈਨ ਨਾਲ ਸੰਬੰਧਤ ਖਪਤਕਾਰਾਂ ਨੂੰ ਰੱਬ ਦੇ ਰਹਿਮ ਉਪਰ ਹੀ ਬਿਨਾਂ ਬਿਜਲੀ-ਪਾਣੀ ਤੋਂ ਗੁਜ਼ਾਰਾ ਕਰਨਾ ਪੈਂਦਾ ਹੈ | ਕੀ ਸਰਕਾਰ ਜਾਂ ਮਹਿਕਮੇ ਦੇ ਉੱਚ ਅਧਿਕਾਰੀ ਲੋਕਾਂ ਦੀ ਇਸ ਸਮੱਸਿਆ ਦਾ ਕੋਈ ਸਥਾਈ ਤੇ ਪੱਕਾ ਹੱਲ ਲੱਭਣਗੇ, ਇਹ ਸਵਾਲ ਹਾਲੇ ਤੱਕ ਭਵਿੱਖ ਦੇ ਗਰਭ ਵਿੱਚ ਹੈ |

LEAVE A REPLY

Please enter your comment!
Please enter your name here