ਵਾਸ਼ਿੰਗਟਨ : ਅਮਰੀਕਾ ’ਚ ਕੈਲੀਫੋਰਨੀਆ ਪੁਲਸ ਨੇ ਸਟਾਕਟਨ ਅਤੇ ਸੈਕਰਾਮੈਂਟੋ ਤੇ ਹੋਰ ਥਾਵਾਂ ਦੇ ਗੁਰਦੁਆਰਿਆਂ ’ਚ ਗੋਲੀਬਾਰੀ ਦੀਆਂ ਘਟਨਾਵਾਂ ਸੰਬੰਧੀ ਮਾਸਟਰਮਾਈਂਡ ਪਵਿੱਤਰ ਸਿੰਘ ਸਣੇ 17 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਫੜੇ ਜਾਣ ਵਾਲੇ ਹੋਰਨਾਂ ’ਚ ਕਰਨਦੀਪ ਸਿੰਘ, ਪਰਦੀਪ ਸਿੰਘ, ਧਰਮਵੀਰ ਸਿੰਘ ਉਰਫ ਮਿੰਟਾ, ਜੋਬਨਜੀਤ ਸਿੰਘ ਤੇ ਹੁਸਨਦੀਪ ਸਿੰਘ ਵੀ ਸ਼ਾਮਲ ਹਨ। ਇਨ੍ਹਾਂ ਤੋਂ 4 ਹੈਂਡਗਨ, 2 ਅਸਾਲਟ ਰਾਈਫਲਾਂ, ਪਿਸਤੌਲਾਂ ਅਤੇ ਮਸ਼ੀਨਗੰਨਾਂ ਵਰਗੇ ਹਥਿਆਰ ਬਰਾਮਦ ਕੀਤੇ ਗਏ ਹਨ। ਇਹ ਗਿ੍ਰਫਤਾਰੀਆਂ 20 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਦੌਰਾਨ ਕੀਤੀਆਂ ਗਈਆਂ ਹਨ। ਫੜੇ ਜਾਣ ਵਾਲਿਆਂ ਵਿਚ ਬਹੁਤੇ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਹਨ। ਗਿ੍ਰਫਤਾਰ ਕੀਤੇ ਦੋ ਵਿਅਕਤੀ ਮਾਫੀਆ ਦੇ ਮੈਂਬਰ ਹਨ ਅਤੇ ਭਾਰਤ ’ਚ ਕਈ ਕਤਲ ਕੇਸਾਂ ’ਚ ਲੋੜੀਂਦੇ ਹਨ।
ਗਿ੍ਰਫਤਾਰ ਕੀਤੇ ਵਿਅਕਤੀ ਇੱਕ ਵਿਰੋਧੀ ਅਪਰਾਧੀ ਗਰੋਹ ਦਾ ਹਿੱਸਾ ਹਨ ਅਤੇ ਕਥਿਤ ਤੌਰ ’ਤੇ ਕਈ ਹਿੰਸਕ ਘਟਨਾਵਾਂ ਤੇ ਗੋਲੀਬਾਰੀ ’ਚ ਸ਼ਾਮਲ ਹਨ, ਜਿਨ੍ਹਾਂ ’ਚ ਸਟੱਰ, ਸੈਕਰਾਮੈਂਟੋ, ਸੈਨ ਜੋਆਕਿਨ, ਸੋਲਾਨੋ, ਯੋਲੋ ਅਤੇ ਮਰਸਡ ਕਾਉਂਟੀਆਂ ’ਚ ਕਤਲ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਸਮੂਹਾਂ ਦੇ ਮੈਂਬਰ ਕਥਿਤ ਤੌਰ ’ਤੇ 27 ਅਗਸਤ 2022 ਨੂੰ ਸਟਾਕਟਨ ਦੇ ਗੁਰਦੁਆਰੇ ’ਚ ਗੋਲੀਬਾਰੀ ਅਤੇ 23 ਮਾਰਚ 2023 ਨੂੰ ਸੈਕਰਾਮੈਂਟੋ ਦੇ ਇੱਕ ਹੋਰ ਗੁਰਦੁਆਰੇ ’ਚ ਗੋਲੀਬਾਰੀ ’ਚ ਸ਼ਾਮਲ ਸਨ।



