ਭਾਜਪਾ ਆਗੂ ਤੇ ਮੇਘਾਲਿਆ ਦੇ ਗਵਰਨਰ ਸੱਤਪਾਲ ਮਲਿਕ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ ਹਨ | ਜੈਪੁਰ ਵਿੱਚ ਜਾਟ ਸਮਾਜ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਜੇਕਰ ਘੱਟੋ-ਘੱਟ ਸਮੱਰਥਨ ਮੁੱਲ ਦਾ ਕਾਨੂੰਨ ਨਾ ਬਣਾਇਆ ਗਿਆ ਤਾਂ ਕਿਸਾਨਾਂ ਦੀ ਸਰਕਾਰ ਨਾਲ ਭਿਅੰਕਰ ਲੜਾਈ ਹੋਵੇਗੀ | ਦਿੱਲੀ ਦੀਆਂ ਬਰੂਹਾਂ ਉੱਤੇ ਲੱਗੇ ਇਤਿਹਾਸਕ ਕਿਸਾਨ ਧਰਨਿਆਂ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਧਰਨਾ ਖ਼ਤਮ ਹੋਇਆ ਹੈ, ਅੰਦੋਲਨ ਨਹੀਂ |
ਉਨ੍ਹਾ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ, ”ਮੇਰੇ 4 ਮਹੀਨੇ ਰਹਿ ਗਏ ਹਨ, ਮੈਂ ਰਾਜਪਾਲ ਦੇ ਅਹੁਦੇ ਤੋਂ ਫਾਰਗ ਹੁੰਦਿਆਂ ਹੀ ਕਿਸਾਨ ਅੰਦੋਲਨ ਵਿੱਚ ਕੁੱਦ ਪਵਾਂਗਾ |” ਉਨ੍ਹਾ ਕਿਹਾ, ”ਮੈਂ ਆਪਣੀ ਜੇਬ ਵਿੱਚ ਅਸਤੀਫ਼ਾ ਲੈ ਕੇ ਘੁੰਮਦਾ ਹਾਂ | ਮਾਂ ਦੇ ਪੇਟ ਵਿੱਚੋਂ ਗਵਰਨਰ ਬਣ ਕੇ ਨਹੀਂ ਆਇਆ, ਮੈਂ ਸੋਚ ਰੱਖਿਆ ਹੈ ਕਿ ਰਿਟਾਇਰ ਹੋਣ ਤੋਂ ਬਾਅਦ ਕਿਸਾਨਾਂ ਦੇ ਹੱਕਾਂ ਲਈ ਪੂਰੇ ਜ਼ੋਰ ਨਾਲ ਜੁੱਟ ਜਾਵਾਂਗਾ, ਮੇਰਾ ਦੋ ਕਮਰਿਆਂ ਦਾ ਘਰ ਹੀ ਮੇਰੀ ਤਾਕਤ ਹੈ, ਇਸੇ ਲਈ ਕਿਸੇ ਨਾਲ ਵੀ ਪੰਗਾ ਲੈ ਲੈਂਦਾ ਹਾਂ |”
ਉਨ੍ਹਾ ਕਿਸਾਨ ਅੰਦੋਲਨ ਸਮੇਂ ਕਹੀ ਆਪਣੀ ਗੱਲ ਨੂੰ ਦੁਹਰਾਉਦਿਆਂ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਕਰ ਰਹੇ ਸਨ ਤਾਂ ਉਹ ਪ੍ਰਧਾਨ ਮੰਤਰੀ ਕੋਲ ਗਏ ਸਨ ਤੇ ਉਨ੍ਹਾ ਨੂੰ ਕਿਹਾ ਸੀ, ”ਦੇਖੋ ਸਾਹਿਬ, ਇਨ੍ਹਾਂ ਨਾਲ ਜ਼ਿਆਦਤੀ ਹੋ ਰਹੀ ਹੈ | ਕੁਝ ਲੈ-ਦੇ ਕੇ ਮਸਲਾ ਨਿਬੇੜ ਦਿਓ |” ਉਨ੍ਹਾ (ਪ੍ਰਧਾਨ ਮੰਤਰੀ) ਕਿਹਾ, ”ਕਿਉਂ ਚਿੰਤਾ ਕਰਦੇ ਹੋ, ਆਪੇ ਚਲੇ ਜਾਣਗੇ |” ਇਸ ਦੇ ਜਵਾਬ ਵਿੱਚ ਮੈਂ ਕਿਹਾ, ”ਸਾਹਿਬ ਆਪ ਇਨ੍ਹਾਂ ਨੂੰ ਜਾਣਦੇ ਨਹੀਂ ਹੋ, ਇਹ ਉਦੋਂ ਜਾਣਗੇ, ਜਦੋਂ ਆਪ (ਪ੍ਰਧਾਨ ਮੰਤਰੀ) ਚਲੇ ਜਾਓਗੇ |”
ਇਸ ਮੌਕੇ ਉਨ੍ਹਾ ਪ੍ਰਧਾਨ ਮੰਤਰੀ ਦੇ ਕਾਰਪੋਰੇਟ ਮਿੱਤਰ ਅਡਾਨੀ ‘ਤੇ ਹਮਲਾ ਬੋਲਦਿਆਂ ਕਿਹਾ, ”ਪ੍ਰਧਾਨ ਮੰਤਰੀ ਜੀ, ਕੁਝ ਤਾਂ ਦੱਸੋ ਕਿ ਇਹ ਕਿਵੇਂ ਮਾਲਦਾਰ ਹੋ ਰਹੇ ਹਨ, ਜਦੋਂ ਕਿ ਲੋਕ ਬਰਬਾਦ ਹੋ ਰਹੇ ਹਨ |” ਉਨ੍ਹਾ ਕਿਹਾ, ”ਇਨ੍ਹਾਂ ਕਾਰਪੋਰੇਟਾਂ ਦੀ ਇੱਜ਼ਤ ਨਾ ਕਰੋ | ਜਦੋਂ ਤੱਕ ਇਸ ਜਮਾਤ ਉੱਤੇ ਹਮਲਾ ਨਹੀਂ ਕੀਤਾ ਜਾਵੇਗਾ, ਇਹ ਰੁਕੇਗੀ ਨਹੀਂ, ਅਸੀਂ ਹੇਠਾਂ ਜਾਂਦੇ ਰਹਾਂਗੇ ਤੇ ਇਹ ਉਪਰ ਜਾਂਦੇ ਰਹਿਣਗੇ |”
ਯਾਦ ਰਹੇ ਕਿ ਪਿਛਲੇ ਮਹੀਨੇ ਵੀ ਰਾਜਪਾਲ ਸੱਤਪਾਲ ਮਲਿਕ ਨੇ ਐੱਮ ਐੱਸ ਪੀ ਉੱਤੇ ਕਾਨੂੰਨ ਬਣਾਉਣ ਦੀ ਵਕਾਲਤ ਕਰਦਿਆਂ ਕਿਹਾ ਸੀ ਕਿ ਸਰਕਾਰ ਨੇ ਖੇਤੀ ਸੰਬੰਧੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਨੂੰ ਖ਼ਤਮ ਕਰਾਉਣ ਲਈ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ |
ਸੱਤਪਾਲ ਮਲਿਕ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੁੱਧ ਲਗਾਤਾਰ ਆਪਣੀ ਗੱਲ ਕਹਿੰਦੇ ਰਹਿੰਦੇ ਹਨ | ਅਕਤੂਬਰ 2021 ਵਿੱਚ ਉਨ੍ਹਾ ਕਿਹਾ ਸੀ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆ ਨਾ ਕੀਤੀਆਂ ਗਈਆਂ ਤਾਂ ਭਾਜਪਾ ਮੁੜ ਸੱਤਾ ਵਿੱਚ ਨਹੀਂ ਆਵੇਗੀ | ਲਖੀਮਪੁਰ ਖੀਰੀ ਕਾਂਡ, ਜਿਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤ ਨੇ ਗੱਡੀ ਚੜ੍ਹਾ ਕੇ ਕਿਸਾਨਾਂ ਨੂੰ ਕੁਚਲ ਦਿੱਤਾ ਸੀ, ਮੌਕੇ ਸੱਤਪਾਲ ਮਲਿਕ ਨੇ ਕਿਹਾ ਸੀ ਕਿ ਗ੍ਰਹਿ ਰਾਜ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ, ਉਂਜ ਵੀ ਉਹ ਮੰਤਰੀ ਬਣਨ ਦੇ ਲਾਇਕ ਨਹੀਂ ਹਨ | ਨਵੰਬਰ ਮਹੀਨੇ ਵਿੱਚ ਉਨ੍ਹਾ ਪ੍ਰਧਾਨ ਮੰਤਰੀ ਦੀ ਮਹੱਤਵਪੂਰਨ ਯੋਜਨਾ ‘ਸੈਂਟਰਲ ਵਿਸਟਾ’ ਦੀ ਅਲੋਚਨਾ ਕਰਦਿਆਂ ਕਿਹਾ ਸੀ ਕਿ ਨਵੇਂ ਸੰਸਦ ਭਵਨ ਦੀ ਥਾਂ ਇੱਕ ਵਿਸ਼ਵ ਪੱਧਰੀ ਕਾਲਜ ਬਣਾਉਣਾ ਬਿਹਤਰ ਹੋਵੇਗਾ | ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਬਾਰੇ ਸੰਸਦ ਵਿੱਚ ਸ਼ੋਕ ਪ੍ਰਗਟ ਨਾ ਕਰਨ ਉੱਤੇ ਉਨ੍ਹਾ ਕਿਹਾ ਸੀ ਕਿ ਇੱਕ ਕੁੱਤਾ ਮਰਨ ਉੱਤੇ ਵੀ ਦਿੱਲੀ ਦੇ ਨੇਤਾਵਾਂ ਦਾ ਸ਼ੋਕ ਸੰਦੇਸ਼ ਆ ਜਾਂਦਾ ਹੈ, ਪਰ 600 ਕਿਸਾਨਾਂ ਦੀ ਮੌਤ ਉੱਤੇ ਵੀ ਸੰਸਦ ਵਿੱਚ ਸ਼ੋਕ ਮਤਾ ਪਾਸ ਨਹੀਂ ਕੀਤਾ ਗਿਆ | ਸੱਤਪਾਲ ਮਲਿਕ ਪੱਛਮੀ ਉੱਤਰ ਪ੍ਰਦੇਸ਼ ਦੇ ਮੰਨੇ-ਪ੍ਰਮੰਨੇ ਜਾਟ ਨੇਤਾ ਹਨ | ਉਨ੍ਹਾ ਦੇ ਤੇਵਰ ਦੱਸਦੇ ਹਨ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਹ ਭਾਜਪਾ ਨੂੰ ਉਤਰ ਪ੍ਰਦੇਸ਼ ਵਿੱਚ ਚੁਣੌਤੀ ਦੇਣ ਦੇ ਮੂਡ ਵਿੱਚ ਹਨ |