ਨਵੀਂ ਦਿੱਲੀ : ਸੁਰੱਖਿਆ ਬਾਰੇ ਕੇਂਦਰੀ ਮੰਤਰੀ ਮੰਡਲ ਦੀ ਕਮੇਟੀ ਨੇ ‘ਅਗਨੀਪਥ’ ਨਾਂਅ ਦੀ ਨਵੀਂ ਭਰਤੀ ਯੋਜਨਾ ਨੂੰ ਹਰੀ ਝੰਡੀ ਦਿੱਤੀ ਹੈ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਥੇ ਦੱਸਿਆ ਕਿ ਇਸ ਯੋਜਨਾ ਤਹਿਤ ਭਾਰਤੀ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਵਿਚ ਅਗਨੀਵੀਰ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ | ਹਾਲਾਂਕਿ ਰੱਖਿਆ ਮੰਤਰੀ ਨੇ ਇਸ ਯੋਜਨਾ ਨੂੰ ਕ੍ਰਾਂਤੀਕਾਰੀ ਪਹਿਲ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਦੀ ਸੁਰੱਖਿਆ ਲਈ ਅਗਨੀਪਥ ਯੋਜਨਾ ਲਿਆਂਦੀ ਗਈ ਹੈ, ਮਾਹਰਾਂ ਮੁਤਾਬਕ ਇਹ ਯੋਜਨਾ ਤਨਖਾਹ ਤੇ ਪੈਨਸ਼ਨ ਦਾ ਬੱਜਟ ਘੱਟ ਕਰਨ ਲਈ ਚੁੱਕਿਆ ਗਿਆ ਕਦਮ ਹੈ |
ਤਿੰਨਾਂ ਸੈਨਾਵਾਂ ਦੇ ਮੁਖੀਆਂ ਦੀ ਮੌਜੂਦਗੀ ਵਿਚ ਰਾਜਨਾਥ ਸਿੰਘ ਨੇ ਦੱਸਿਆ ਕਿ ਪਹਿਲੀ ਭਰਤੀ 90 ਦਿਨਾਂ ਵਿਚ ਹੋਵੇਗੀ | ਅਗਨੀਪਥ ਤਹਿਤ ਹਰ ਸਾਲ ਕਰੀਬ 45 ਹਜ਼ਾਰ ਨੌਜਵਾਨਾਂ ਨੂੰ ਸੈਨਾ ਵਿਚ ਸ਼ਾਮਲ ਕੀਤਾ ਜਾਵੇਗਾ | ਇਹ ਨੌਜਵਾਨ ਸਾਢੇ 17 ਤੋਂ 21 ਸਾਲ ਦੇ ਹੋਣਗੇ | ਇਨ੍ਹਾਂ ਨੂੰ ਚਾਰ ਸਾਲ ਸੇਵਾ ਦਾ ਮੌਕਾ ਮਿਲੇਗਾ | ਇਨ੍ਹਾਂ ਚਾਰ ਸਾਲਾਂ ਵਿਚ 6 ਮਹੀਨੇ ਬੇਸਿਕ ਟਰੇਨਿੰਗ ਦਿੱਤੀ ਜਾਵੇਗੀ | 30 ਤੋਂ 40 ਹਜ਼ਾਰ ਤਨਖਾਹ ਤੇ ਹੋਰ ਲਾਭ ਦਿੱਤੇ ਜਾਣਗੇ | ਉਨ੍ਹਾਂ ਨੂੰ ਤਿੰਨਾਂ ਸੈਨਾਵਾਂ ਦੇ ਪੱਕੇ ਸੈਨਿਕਾਂ ਵਾਂਗ ਐਵਾਰਡ, ਮੈਡਲ ਤੇ ਬੀਮਾ ਕਵਰ ਮਿਲਣਗੇ | ਬੀਮਾ ਕਵਰ 44 ਲੱਖ ਰੁਪਏ ਦਾ ਹੋਵੇਗਾ | ਚਾਰ ਸਾਲ ਬਾਅਦ ਸਿਰਫ 25 ਫੀਸਦੀ ਅਗਨੀਵੀਰਾਂ ਨੂੰ ਸਥਾਈ ਕੇਡਰ ਵਿਚ ਭਰਤੀ ਕੀਤਾ ਜਾਵੇਗਾ | ਜਿਹੜੇ ਚਾਰ ਸਾਲ ਦੇ ਬਾਅਦ ਵੀ ਸੈਨਾ ਵਿਚ ਰਹਿਣਾ ਚਾਹੁੰਣਗੇ, ਉਨ੍ਹਾਂ ਨੂੰ ਮੈਰਿਟ ਤੇ ਮੈਡੀਕਲ ਫਿਟਨੈੱਸ ਦੇ ਆਧਾਰ ‘ਤੇ ਮੌਕਾ ਮਿਲੇਗਾ | ਜਿਹੜੇ ਸਥਾਈ ਕੇਡਰ ਲਈ ਚੁਣੇ ਜਾਣਗੇ, ਉਨ੍ਹਾਂ ਨੂੰ 15 ਸਾਲ ਸੇਵਾ ਕਰਨੀ ਪਵੇਗੀ | ਸ਼ੁਰੂਆਤੀ ਚਾਰ ਸਾਲ ਠੇਕੇ ਤਹਿਤ ਰਹਿਣਗੇ ਅਤੇ ਇਸ ਦੀ ਪੈਨਸ਼ਨ ਨਹੀਂ ਮਿਲੇਗੀ | ਜਿਹੜੇ 75 ਫੀਸਦੀ ਅਗਨੀਵੀਰ ਸਕੀਮ ਤੋਂ ਬਾਹਰ ਹੋ ਜਾਣਗੇ, ਉਨ੍ਹਾਂ ਨੂੰ ਸੇਵਾ ਨਿਧੀ ਪੈਕੇਜ ਦਿੱਤਾ ਜਾਵੇਗਾ, ਇਹ 11-12 ਲੱਖ ਦਾ ਪੈਕੇਜ ਅੰਸ਼ਕ ਤੌਰ ‘ਤੇ ਅਗਨੀਵੀਰਾਂ ਦੇ ਮਾਸਕ ਯੋਗਦਾਨ ਨਾਲ ਫੰਡ ਕੀਤਾ ਜਾਵੇਗਾ | ਇਸ ਦੇ ਇਲਾਵਾ ਉਨ੍ਹਾਂ ਨੂੰ ਮਿਲੇ ਸਕਿੱਲ ਸਰਟੀਫਿਕੇਟ ਤੇ ਬੈਂਕ ਲੋਨ ਰਾਹੀਂ ਉਨ੍ਹਾਂ ਨੂੰ ਦੂਜਾ ਕੈਰੀਅਰ ਸ਼ੁਰੂ ਕਰਨ ਵਿਚ ਮਦਦ ਮਿਲੇਗੀ |